ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਅਬੋਹਰ ਵਲੋਂ75ਵਾਂ ਸਾਲਾਨਾ ਮਹਾਨ ਗੁਰਪੁਰਬ ਸਮਾਗਮ 3 ਨਵੰਬਰ ਤੋਂ 5 ਨਵੰਬਰ ਤੱਕ ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਅਬੋਹਰ ਵਿਖੇ ਕਰਵਾਇਆ ਜਾ ਰਿਹਾ ਹੈ, ਦੀਆਂ ਤਿਆਰੀਆਂ ਸੰਬੰਧੀ ਇਲਾਕੇ ਦੀਆਂ ਸਮੂਹ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਨਾਨਕਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਮੰਗਲ ਸਿੰਘ, ਸਰਪ੍ਰਸਤ ਦਲਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਵਿਪਨ, ਜਥੇਦਾਰ ਗੁਰਨਾਮ ਸਿੰਘ, ਤਲਵਿੰਦਰ ਸਿੰਘ ਤੁੱਲੀ ਆਦਿ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਦੀ ਨਗਰ ਕੀਰਤਨ ਅਤੇ ਧਾਰਮਿਕ ਦੀਵਾਨਾ ਦੌਰਾਨ ਸੇਵਾਵਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਅਬੋਹਰ ਸ਼ਹਿਰ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਨੂੰ ਪੁਰਾਤਨ ਰਵਾਇਤ ਮੁਤਾਬਿਕ ਵਿਸ਼ਾਲ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਤੋਂ ਇਲਾਵਾ 4 ਅਤੇ 5 ਨਵੰਬਰ ਨੂੰ ਦਿਨ ਅਤੇ ਰਾਤ ਦੇ ਦੀਵਾਨ ਸਜਾਏ ਜਾਣਗੇ ਜਿਸ ਵਿਚ ਕੁਸ਼ਤੀਆਂ ਦਾ ਦੰਗਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ ਅਤੇ ਨੌਜਵਾਨ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਦਸਤਾਰ ਬੰਦੀ ਮੁਕਾਬਲੇ ਵੀ ਕਰਵਾਏ ਜਾਣਗੇ | 3 ਨਵੰਬਰ ਨੂੰ ਰਾਤ ਦਾ ਬੱਚਿਆਂ ਦਾ ਕਵੀ ਦਰਬਾਰ ਅਤੇ ਕਵੀਸ਼ਰੀ ਦੀਵਾਨ ਸਜਾਇਆ ਜਾਵੇਗਾ | ਇਸ ਤੋਂ ਇਲਾਵਾ 4 ਨਵੰਬਰ ਨੂੰ ਸਵੇਰੇ 11 ਤੋਂ 3 ਅਤੇ ਰਾਤ 7 ਤੋਂ 11 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ | ਜਿਸ ਵਿਚ ਨਾਮਵਰ ਰਾਗੀ ਜਥੇ ਸੰਗਤਾਂ ਨਾਲ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ | 5 ਨਵੰਬਰ ਨੂੰ ਸਵੇਰੇ 11 ਵਜੇ ਤੋਂ 4 ਵਜੇ ਅਤੇ ਸ਼ਾਮ 6:30 ਤੋਂ ਰਾਤ 12:30 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਰਾਤ ਸਮਾਪਤੀ ਉਪਰੰਤ ਸ਼੍ਰੀ ਅਖੰਡ ਪਾਠ ਦਾ ਭੋਗ ਰਾਤ 1 ਵਜੇ ਤੋਂ 1:30 ਤੱਕ ਪਵੇਗਾ ਅਤੇ ਮਨਮੌਹਕ ਆਤਿਸ਼ਬਾਜ਼ੀਆਂ ਵੀ ਚਲਾਈਆਂ ਜਾਣਗੀਆਂ | ਇਸ ਦੌਰਾਨ ਸੰਗਤਾਂ ਲਈ ਵੱਖ-ਵੱਖ ਸੰਸਥਾਵਾਂ ਵਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ | ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਉਕਤ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਪ੍ਰਧਾਨ ਮੇਜਰ ਸਿੰਘ, ਮੰਗਲ ਸਿੰਘ, ਜਥੇਦਾਰ ਗੁਰਨਾਮ ਸਿੰਘ, ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਗੁਰਵਿੰਦਰ ਸਿੰਘ ਵਿਪਨ, ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਰਣਜੀਤ ਸਿੰਘ, ਪਰਮਿੰਦਰ ਸਿੰਘ ਪੰਮਾ ਖ਼ਾਲਸਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਤਲਵਿੰਦਰ ਸਿੰਘ ਤੁੱਲੀ, ਬਾਬਾ ਗੁਰਦਾਸ ਸਿੰਘ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਇਕਬਾਲ ਸਿੰਘ, ਜੋਗਾ ਸਿੰਘ ਭੁੱਲਰ, ਗ੍ਰੰਥੀ ਸਿਮਰਜੀਤ ਸਿੰਘ, ਰਾਕੇਸ਼ ਅਨੇਜਾ, ਅੰਮਿ੍ਤ ਪਾਲ ਸਿੰਘ, ਗੁਰਨਾਮ ਸਿੰਘ ਸੰਧੂ ਆਦਿ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |