ਜਲਾਲਾਬਾਦ, 23 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਅੱਜ ਮਾਂ ਸ਼ਾਰਦਾ ਵਿੱਦਿਆ-ਪੀਠ ਸਕੂਲ ਜਲਾਲਾਬਾਦ ਵਿਚ ਥਾਣਾ ਸਿਟੀ ਜਲਾਲਾਬਾਦ ਦੀ ਮੈਡਮ ਸੁਰਜੀਤ ਕੌਰ ਵਲੋਂ ਚੰਗੇ ਛੋਹ- ਮਾੜੇ ਛੋਹ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੈਡਮ ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਚੰਗੇ ਛੋਹ ਅਤੇ ਮਾੜੇ ਛੋਹ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਘਰ ਜਾਂਦੇ ਸਮੇਂ ਸੁਚੇਤ ਰਹਿਣ ਲਈ ਕਿਹਾ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਸਕੂਲ ਆਣ-ਜਾਣ ਸਮੇਂ ਆਪਣੇ ਮਾਤਾ-ਪਿਤਾ ਨਾਲ ਹੀ ਆਣ-ਜਾਣ | ਉਨ੍ਹਾਂ ਕਿਹਾ ਕਿ ਹੁਣ ਧੁੰਦ ਦਾ ਸਮਾਂ ਹੈ, ਉਹ ਇਕੱਲੇ ਬਾਹਰ ਨਾ ਜਾਣ | ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਅਸੀਂ ਤੁਹਾਡੇ ਦੋਸਤ ਹਾਂ, ਉਹ ਸਾਨੂੰ ਕਿਸੇ ਵੀ ਸਮੇਂ ਫ਼ੋਨ ਕਰ ਸਕਦੇ ਹਨ, ਅਸੀਂ ਉਨ੍ਹਾਂ ਦੀ ਮਦਦ ਲਈ ਹਰ ਸਮੇਂ ਉਨ੍ਹਾਂ ਦੇ ਨਾਲ ਹਾਂ | ਉਨ੍ਹਾਂ ਕਿਹਾ ਕਿ ਬੱਚੇ ਬਹੁਤ ਭੋਲੇ-ਭਾਲੇ ਹੁੰਦੇ ਹਨ, ਉਨ੍ਹਾਂ ਨੂੰ ਕੋਈ ਵੀ ਆਪਣੀਆਂ ਗੱਲਾਂ ਵਿਚ ਲੈ ਸਕਦਾ ਹੈ ਅਤੇ ਕਿਸੇ ਵੀ ਬੱਚੇ ਨਾਲ ਅਣਹੋਣੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਕਿਸੇ ਤੋਂ ਵੀ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਅਤੇ ਨਾ ਹੀ ਕਿਸੇ ਤੋਂ ਲਿਫ਼ਟ ਲੈਣੀ ਹੈ |