ਫ਼ਾਜ਼ਿਲਕਾ, 28 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਪੂਰੀ ਵਾਹ ਲਗਾਵਾਂਗਾ, ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਕ ਪਲੇਟਫ਼ਾਰਮ 'ਤੇ ਲਿਆ ਕੇ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਅਤੇ ਸ਼ਹਿਰ ਪੱਧਰ 'ਤੇ ਇਕਾਈਆਂ ਕਾਇਮ ਕਰਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਅਜੀਤ ਦੇ ਸਥਾਨਕ ਉਪ ਦਫ਼ਤਰ ਵਿਚ ਵਿਸ਼ੇਸ਼ ਗੱਲਬਾਤ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਜੋ ਕਿ ਸ਼ੁਰੂ ਤੋਂ ਹੀ ਜਾਖੜ ਪਰਿਵਾਰ ਦਾ ਹੀ ਕੋਈ ਮੈਂਬਰ ਚੋਣ ਅਖਾੜੇ ਵਿਚ ਕੁੱਦਦਾ ਸੀ | ਜਾਖੜ ਪਰਿਵਾਰ ਦੇ ਭਾਜਪਾ ਵਿਚ ਸ਼ਮੂਲੀਅਤ ਤੋਂ ਬਾਅਦ ਹਲਕੇ ਅੰਦਰ ਆਏ ਖ਼ਲਾਅ ਨੂੰ ਦੂਰ ਕਰਨ ਲਈ ਹਲਕੇ ਅੰਦਰ ਪੂਰੀ ਤਰ੍ਹਾਂ ਵਰਕਰਾਂ ਨੂੰ ਨਾਲ ਜੋੜਨ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਅੰਦਰ 20 ਹਜ਼ਾਰ ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਿਲੀਆਂ ਸਨ ਜਦ ਕਿ ਕਿਸੇ ਵੀ ਬੂਥ ਤੋਂ ਕਾਂਗਰਸ ਪਾਰਟੀ ਨੇ ਲੀਡ ਨਹੀਂ ਲਈ ਸੀ | ਹੁਣ ਜ਼ਿਲ੍ਹਾ ਪ੍ਰੀਸ਼ਦ 'ਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਪੁਜ਼ੀਸ਼ਨ ਕਾਫ਼ੀ ਚੰਗੀ ਰਹੀ ਹੈ | ਉਨ੍ਹਾਂ ਕਿਹਾ ਕਿ ਇੱਥੋਂ ਤੱਕ ਪੰਜਕੋਸੀ ਜ਼ੋਨ ਤੋਂ ਵੀ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆਉਂਦੇ ਦਿਨਾਂ ਅੰਦਰ ਹਲਕੇ ਵਿਚ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ 2027 ਵਿਚ ਲੋਕਾਂ ਸਾਹਮਣੇ ਇਹ ਸਪਸ਼ਟ ਹੋ ਜਾਵੇਗਾ ਕਿ ਇਕ ਹੀ ਪਰਿਵਾਰ ਦੀ ਇਜਾਰੇਦਾਰੀ ਕਦੇ ਨਹੀਂ ਰਹਿੰਦੀ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਾਕੀ ਜ਼ਿਲਿ੍ਹਆਂ ਦੇ ਹਲਕਿਆਂ ਵਿਚ ਵੀ ਸਾਰੇ ਜ਼ਿਲ੍ਹੇ ਦੇ ਆਗੂਆਂ ਨੂੰ ਸਰਗਰਮ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਤੋਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਤੱਕ ਜਿੰਨੀਆਂ ਵੀ ਵੱਡੀਆਂ ਸਨਅਤਾਂ ਲੱਗੀਆਂ ਹਨ ਉਹ ਕਾਂਗਰਸ ਪਾਰਟੀ ਦੀ ਦੇਣ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਖਾਦ ਦੇ ਕਾਰਖ਼ਾਨੇ, ਬਠਿੰਡਾ ਵਿਚ ਬਿਜਲੀ ਉਤਪਾਦਨ ਸ਼ੁਰੂ ਕਰਨਾ, ਰੇਲਵੇ ਕੋਚ ਫ਼ੈਕਟਰੀ, ਸੰਤ ਲੌਂਗੋਵਾਲ ਇੰਸਟੀਚਿਊਟ ਸੰਗਰੂਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਸਭ ਕਾਂਗਰਸ ਪਾਰਟੀ ਹੀ ਲੈ ਕੇ ਆਈ ਸੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਕੁਰਬਾਨੀ ਦੇ ਕੇ ਕਾਇਮ ਕੀਤੀ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਕੁੱਝ ਸਿਆਸੀ ਪਾਰਟੀਆਂ ਫ਼ਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਸੱਤਾ ਹਾਸਿਲ ਕਰਨੀ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਕਿਸਾਨ ਵਿਰੋਧੀ ਅਤੇ ਹੁਣ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੁਰਿੰਦਰ ਕੁਮਾਰ ਸਲੂਜਾ ਸੀਨੀਅਰ ਮੀਤ ਪ੍ਰਧਾਨ, ਘਣ ਸ਼ਿਆਮ ਪੰਜਕੋਸੀ, ਬੱਬੂ ਕੰਬੋਜ ਮੀਤ ਪ੍ਰਧਾਨ ਬਲਾਕ ਖੂਈਆਂ ਸਰਵਰ ਆਦਿ ਹਾਜ਼ਰ ਸਨ |