ਮਮਦੋਟ, 28 ਦਸੰਬਰ (ਸੁਖਦੇਵ ਸਿੰਘ ਸੰਗਮ)-ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਸਨਮਾਨਿਤ ਕੀਤੇ ਗਏ 20 ਬਹਾਦਰ ਬੱਚਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਫ਼ਿਰੋਜਪੁਰ ਨਾਲ ਸਬੰਧਿਤ ਸ਼ਰਵਨ ਸਿੰਘ ਪਿੰਡ ਚੱਕ ਘੁਬਾਈ ਉਰਫ਼ ਤਰਾਂ ਵਾਲਾ ਦੇ ਘਰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਸਥਾਨਕ ਆਗੂਆਂ ਸਮੇਤ ਪੁੱਜੇ | ਜਿੱਥੇ ਉਨ੍ਹਾਂ ਨੇ ਬੱਚੇ ਦੀ ਇਸ ਪ੍ਰਾਪਤੀ 'ਤੇ ਉਸ ਦੇ ਮਾਤਾ ਪਿਤਾ ਵਲੋਂ ਕੀਤੀ ਗਈ ਪਰਵਰਿਸ਼ ਦੀ ਸਹਾਰਨਾ ਕੀਤੀ ਉੱਥੇ ਆਪਣੇ ਹਲਕੇ ਲਈ ਵੱਡੇ ਮਾਣ ਵਾਲੀ ਗੱਲ ਆਖੀ | ਇਸ ਦੌਰਾਨ ਵਿਧਾਇਕ ਵਲੋਂ ਸ਼ਰਵਨ ਸਿੰਘ ਨੂੰ ਸਿਰੋਪਾਓ ਭੇਟ ਕੀਤਾ ਗਿਆ | ਇਸ ਮੌਕੇ ਵਿਧਾਇਕ ਦਹੀਆ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਵਨ ਦੇ ਮਾਪਿਆਂ ਨੇ ਆਪ੍ਰੇਸ਼ਨ ਸੰਧੂਰ ਮੌਕੇ ਫ਼ੌਜ ਦੀ ਸੇਵਾ ਕਰਨ ਦੀ ਜਤਾਈ ਗਈ ਖ਼ਾਹਿਸ਼ ਦੀ ਕਦਰ ਕੀਤੀ 'ਤੇ ਅੱਜ ਉਨ੍ਹਾਂ ਦੇ ਬੇਟੇ ਨੇ ਪੂਰੇ ਪੰਜਾਬ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਦਹੀਆ ਵਲੋਂ ਬੱਚੇ ਦੀ ਹੌਸਲਾ ਅਫ਼ਜਾਈ ਵਾਸਤੇ ਆਪਣੇ ਕੋਲੋਂ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪਰਿਵਾਰ ਨੂੰ ਸੌਂਪੀ ਗਈ ਅਤੇ ਸ਼ਰਵਨ ਸਿੰਘ ਨੂੰ ਪੂਰੇ ਪਰਿਵਾਰ ਸਮੇਤ ਆਉਂਦੇ ਦਿਨਾਂ ਵਿਚ ਹੋਣ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਸੈਸ਼ਨ ਉਪਰੰਤ ਪਰਿਵਾਰ ਅਤੇ ਬੱਚੇ ਦੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਵੀ ਕਰਵਾਈ ਜਾਵੇਗੀ | ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਮੇਜਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਧਪੁਰ, ਐਮ.ਸੀ.ਸੋਨੂੰ ਸੇਠੀ, ਸਰਪੰਚ ਰਜਵੰਤ ਸਿੰਘ ਸੋਢੀ, ਸਰਪੰਚ ਗੁਰਨਾਮ ਸਿੰਘ ਹਜਾਰਾ, ਬਲਵਿੰਦਰ ਸਿੰਘ ਲੱਡੂ ਸਰਪੰਚ ਅਤੇ ਬਲਵਿੰਦਰ ਸਿੰਘ ਸਰਪੰਚ ਮੌਜੂਦ ਸਨ |