ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਕੋਵਿਡ ਵਾਇਰਜ਼ ਤੇਜੀ ਨਾਲ ਫੈਲ ਰਿਹਾ ਹੈ, ਜਿਸ ਤਹਿਤ ਅੰਮਿ੍ਤਸਰ 'ਚ ਵੀ ਵੱਡੀ ਗਿਣਤੀ 'ਚ ਵਾਇਰਲ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ | ਚੰਗੀ ਖ਼ਬਰ ਇਹ ਹੈ ਕਿ ਹਾਲਾਂ ਤੱਕ ਇਕ ਵੀ ਕੇਸ ਪਾਜ਼ੀਟਿਵ ਰਿਪੋਰਟ ਨਹੀਂ ਹੋਇਆ ਹੈ | ਕੋਵਿਡ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਇੱਥੇ ਆਈਸੁਲੇਸ਼ਨ ਵਾਰਡ ਵੀ ਸਥਾਪਿਤ ਕੀਤੀ ਜਾ ਰਹੀ ਹੈ | ਜਿੱਥੇ ਆਕਸੀਜਨ, ਮਾਸਕ ਤੇ ਹੋਰ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਮੌਸਮ 'ਚ ਤਬਦੀਲੀ ਦਾ ਅਸਰ ਵੀ ਸਾਫ਼ ਹੈ ਕਿ ਬੁਖਾਰ, ਖੰਘ ਤੇ ਜੁਕਾਮ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਇਹ ਲੱਛਣ ਵੀ ਕੋਵਿਡ ਨਾਲ ਮਿਲਦੇ ਜੁਲਦੇ ਹੋਣ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ | ਇਥੇ ਸਰਕਾਰੀ ਹਸਪਤਾਲਾਂ 'ਚ ਅਜਿਹੇ ਮਰੀਜ਼ ਪਹੁੰਚ ਰਹੇ ਹਨ ਜਿਨ੍ਹਾਂ ਨੂੰ ਸਾਹ ਲੈਣ 'ਚ ਵੀ ਤਕਲੀਫ ਮਹਿਸੂਸ ਹੋ ਰਹੀ ਹੈ ਗੁਰੂ ਨਾਨਕ ਦੇਵ ਹਸਪਤਾਲ ਤੇ ਸਰਕਾਰੀ ਸਿਵਲ ਹਸਪਤਾਲ 'ਚ ਓ.ਪੀ.ਡੀ. 'ਚ ਅਜਿਹੇ ਮਰੀਜ਼ਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਖੰਘ ਜੁਕਾਮ ਤੇ ਜੋੜਾਂ ਦੀ ਦਰਦ ਦੀ ਸ਼ਿਕਾਇਤ ਵੀ ਹੋ ਰਹੀ ਹੈ ਦੂਜੇ ਪਾਸੇ ਅਜਿਹੇ ਹੀ ਲੱਛਣ ਮੌਸਮੀ ਬੁਖਾਰ, ਡੇਂਗੂ ਤੇ ਚਿਕਨਗੁਣੀਆਂ ਵਰਗੇ ਵੀ ਹੋ ਸਕਦੇ ਹਨ | ਇਸ ਦੇ ਨਾਲ ਚੰਗੀ ਖ਼ਬਰ ਇਹ ਵੀ ਹੈ ਕਿ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦਾ ਨਵਾਂ ਰੂਪ ਬਹੁਤਾ ਘਾਤਕ ਨਹੀਂ ਹੈ ਅਤੇ ਜੋ ਵੀ ਮਰੀਜ਼ ਹੁਣ ਤੱਕ ਆ ਰਹੇ ਹਨ ਉਹ ਆਪਣੇ ਆਪ ਠੀਕ ਹੋ ਰਹੇ ਹਨ ਤੇ ਕੋਈ ਵੀ ਮਰੀਜ਼ ਗੰਭੀਰ ਹਾਲਾਤ 'ਚ ਨਹੀਂ ਹੈ | ਨਵੇਂ ਵੇਰੀਂਅਟ ਦਾ ਅਸਰ ਜ਼ਿਆਦਾਤਰ ਉਨ੍ਹਾਂ ਮਰੀਜ਼ਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮਇਊਨਟੀ ਪੱਖੋਂ ਕਮਜ਼ੋਰ ਹਨ | ਫਿਰ ਵੀ ਲੋਕਾਂ ਨੂੰ ਭੀੜ ਭਾੜ ਤੋਂ ਬਚਣ ਤੇ ਬਚਾਅ ਰੱਖਣ ਦੀ ਅਪੀਲ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ | ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਕਿਹਾ ਕਿ ਅੰਮਿ੍ਤਸਰ 'ਚ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਵੀ ਕੇਸ ਨਹੀਂ ਹੈ ਅਤੇ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਨਹੀਂ ਬਲਕਿ ਸਿਹਤ ਪਖੋਂ ਸਾਵਧਾਨ ਹੋਣ ਦੀ ਲੋੜ ਹੈ |