• ਮੈਰਿਜ ਪੈਲੇਸਾਂ, ਰਿਜ਼ੋਰਟਾਂ, ਅਹਾਤਿਆਂ 'ਤੇ ਵਰਤੋਂ ਤੋਂ ਬਾਅਦ ਸ਼ਰਾਬ ਦੀਆਂ ਬੋਤਲਾਂ ਨੂੰ ਨਸ਼ਟ ਕਰਨ ਦਾ ਹੁਕਮ
ਅੰਮਿ੍ਤਸਰ, 3 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਬਾਅਦ ਆਬਕਾਰੀ ਵਿਭਾਗ ਪੰਜਾਬ ਵਲੋਂ ਨਾਜਾਇਜ਼ ਤੇ ਨਕਲੀ ਸ਼ਰਾਬ ਨਾਲ ਸਖ਼ਤੀ ਨਾਲ ਨਿਪਟਣ ਲਈ ਕਦਮ ਚੁੱਕੇ ਜਾ ਰਹੇ ਹਨ | ਬੀਤੇ ਦਿਨੀਂ ਆਬਕਾਰੀ ਵਿਭਾਗ ਪੰਜਾਬ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ 13 ਜ਼ਿਲਿ੍ਹਆਂ ਦੇ ਆਬਕਾਰੀ ਸਹਾਇਕ ਕਮਿਸ਼ਨਰਾਂ, ਆਬਕਾਰੀ ਅਫ਼ਸਰਾਂ ਤੇ ਆਬਕਾਰੀ ਨਿਰੀਖਕਾਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨਾਜਾਇਜ਼ ਤੇ ਨਕਲੀ ਸ਼ਰਾਬ ਵਿਰੱੁਧ ਮੁਹਿੰਮ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਮੈਰਿਜ ਪੈਲੇਸਾਂ, ਰਿਜ਼ੋਰਟਾਂ, ਅਹਾਤਿਆਂ 'ਤੇ ਵਰਤੋਂ ਤੋਂ ਬਾਅਦ ਸ਼ਰਾਬ ਦੀਆਂ ਬੋਤਲਾਂ ਨੂੰ ਨਸ਼ਟ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਅੰਮਿ੍ਤਸਰ 'ਚ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਈ. ਟੀ. ਓ. ਰਮਨ ਭਗਤ, ਈ. ਟੀ. ਓ. ਲਲਿਤ ਕੁਮਾਰ ਦੀ ਯੋਗ ਅਗਵਾਈ 'ਚ ਸਮੁੱਚੀ ਆਬਕਾਰੀ ਟੀਮਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਅੱਜ ਆਬਕਾਰੀ ਇੰਸਪੈਕਟਰ ਸੁਨੀਲ ਕੰਡਾ ਤੇ ਇੰਸਪੈਕਟਰ ਰਣ ਬਹਾਦੁਰ ਨੇ ਅੰਨਗੜ੍ਹ ਅਤੇ ਰਈਆ ਖੇਤਰਾਂ 'ਚ ਪੈਂਦੇ ਮੈਰਿਜ ਪੈਲਸਾਂ ਅਤੇ ਅਹਾਤਿਆਂ 'ਚ ਛਾਪੇਮਾਰੀ ਕਰਕੇ ਉੱਥੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਦੀ ਬਰਾਮਦਗੀ ਕਰਕੇ ਉਨ੍ਹਾਂ ਨੂੰ ਮੌਕੇ ਨਸ਼ਟ ਕਰਵਾਇਆ | ਇਸਦੇ ਨਾਲ ਹੀ ਉਨ੍ਹਾਂ ਮੈਰਿਜ ਪੈਲੇਸਾਂ, ਰਿਜ਼ੋਰਟਾਂ ਤੇ ਅਹਾਤਿਆਂ ਦੇ ਮਾਲਕਾਂ ਨੂੰ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਸਖ਼ਤੀ ਨਾਲ ਨਸ਼ਟ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਨਕਲੀ ਤੇ ਨਾਜਾਇਜ਼ ਸ਼ਰਾਬ ਵਿਕਰੀ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾ ਸਕੇ |
ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲਿਆਂ 'ਤੇ ਵੀ ਰਹੇਗੀ ਆਬਕਾਰੀ ਟੀਮ ਦੀ ਨਜ਼ਰ
ਇਸ ਸੰਬੰਧੀ ਈ. ਟੀ. ਓ. ਰਮਨ ਭਗਤ ਨੇ ਕਿਹਾ ਕਿ ਵਿਭਾਰੀ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਆਬਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਆਏ ਦਿਨ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲਿਆਂ 'ਤੇ ਵੀ ਆਬਕਾਰੀ ਟੀਮ ਦੀ ਨਜ਼ਰ ਰਹੇਗੀ, ਕਿਉਂਕਿ ਇਨ੍ਹਾਂ ਖਾਲੀ ਬੋਤਲਾਂ ਰਾਹੀਂ ਹੀ ਨਾਜਾਇਜ਼ ਅਤੇ ਨਕਲੀ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਹੈ, ਜਿਸ ਨੂੰ ਰੋਕਣ ਲਈ ਉਨ੍ਹਾਂ ਵਲੋਂ ਸਖ਼ਤ ਕਦਮ ਚੱੁਕੇ ਜਾ ਰਹੇ ਹਨ | ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲਿਆਂ ਸੰਬੰਧੀ ਆਬਕਾਰੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ |
ਪੰਜਾਬ 'ਚ ਨਾਜਾਇਜ਼ ਤੇ ਨਕਲੀ ਸ਼ਰਾਬ 'ਤੇ ਆਬਕਾਰੀ ਵਿਭਾਗ ਨੇ ਕੀਤੀ ਸਖ਼ਤੀ
ਅਜੀਤ ਡੈਸਕ
04-06-2025