ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਫੌਜੀ ਹਮਲੇ ਦੌਰਾਨ ਨਿਰਦੋਸ਼ ਲੋਕਾਂ ਦੇ ਕਤਲੇਆਮ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਦੇ ਵਿਰੋਧ ਵਿਚ 6 ਜੂਨ ਨੂੰ ਅੰਮਿ੍ਤਸਰ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਕਰਨ ਲਈ ਦਲ ਖ਼ਾਲਸਾ ਆਗੂੁਆਂ ਤੇ ਕਾਰਕੁੰਨਾਂ ਵਲੋਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅੱਜ ਸ਼ਹਿਰ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਗਈ | ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਸਕੱਤਰ ਰਣਬੀਰ ਸਿੰਘ, ਗੁਰਨਾਮ ਸਿੰਘ, ਗੁਰਿੰਦਰ ਸਿੰਘ ਬਾਜਵਾ ਅਤੇ ਮਾਨ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਵੱਖ?ਵੱਖ ਵਰਗਾਂ ਕੋਲ ਪਹੁੰਚ ਕਰਕੇ 6 ਦੇ ਬੰਦ ਸਬੰਧੀ ਪੋਸਟਰ ਸੌਂਪ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਦਿਨ ਲਈ ਆਪਣੇ ਕਾਰੋਬਾਰ ਬੰਦ ਰੱਖ ਕੇ ਘੱਲੂਘਾਰੇ ਦੀ ਉਸ ਪੀੜ੍ਹ ਨਾਲ ਸਾਂਝ ਪਾਉਣ ਜਿਸ ਵਿਚੋਂ ਦੀ ਸਿੱਖ ਪੰਥ ਪਿਛਲੇ ਚਾਰ ਦਹਾਕਿਆਂ ਤੋਂ ਲੰਘ ਰਿਹਾ ਹੈ | ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ, ਦੁਕਾਨਾਂ, ਬੈਂਕਾਂ, ਪੈਟਰੋਲ ਪੰਪਾਂ, ਮਾਲਾਂ ਨੂੰ 6 ਜੂਨ ਨੂੰ ਮੁਕੰਮਲ ਬੰਦ ਰੱਖਣ ਲਈ ਕਿਹਾ ਗਿਆ ਹੈ | ਇਸੇ ਦੌਰਾਨ ਦਲ ਖਾਲਸਾ ਆਗੂਆਂ ਨੇ 5 ਜੂਨ ਦੀ ਸ਼ਾਮ ਨੂੰ ਕੱਢੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ਲਈ ਸ਼ਹੀਦ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੂੰ ਵੀ ਸੱਦਾ ਪੱਤਰ ਦਿੱਤੇ ਹਨ | ਇਹ ਮਾਰਚ 5 ਜੂਨ ਨੂੰ ਸ਼ਾਮ ਵਜੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਆਰੰਭ ਹੋ ਕੇ ਬੱਸ ਸਟੈਂਡ, ਰਾਮਬਾਗ, ਹਾਲ ਬਜ਼ਾਰ ਤੇ ਵਿਰਾਸਤੀ ਮਾਰਗ ਤੋਂ ਲੰਘਦਾ ਹੋਇਆ ਸ੍ਰੀ ਦਰਬਾਰ ਸਾਹਿਬ ਪਹੁੰਚੇਗਾ ਜਿੱਥੇ ਸ਼ਹੀਦਾਂ ਪ੍ਰਥਾਏ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਹੋਵੇਗੀ |
5 ਦੇ 'ਘੱਲੂਘਾਰਾ ਮਾਰਚ' ਅਤੇ 6 ਦੇ 'ਅੰਮਿ੍ਤਸਰ ਬੰਦ' ਲਈ ਦਲ ਖ਼ਾਲਸਾ ਆਗੂਆਂ ਨੇ ਸ਼ਹਿਰ ਦੇ ਦੁਕਾਨਦਾਰਾਂ, ਕਾਰੋਬਾਰੀਆਂ ਤੇ ਸ਼ਹਿਰੀਆਂ ਨੂੰ ੂ ਸਹਿਯੋਗ ਲਈ ਕੀਤੀ ਅਪੀਲ
ਅਜੀਤ ਡੈਸਕ
04-06-2025