ਵੇਰਕਾ, 3 ਜੂਨ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਥਾਣਾ ਵੱਲਾ ਖੇਤਰ ਵਿਚ ਪਤਨੀ ਦੇ ਨਾਜਾਇਜ਼ ਸੰਬੰਧ ਤੋਂ ਦੁਖੀ ਹੋ ਕੇ ਇਕ ਨੌਜਵਾਨ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ | ਮਿ੍ਤਕ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ (28) ਪੁੱਤਰ ਬੀਰ ਸਿੰਘ ਵਾਸੀ ਪੱਤੀ ਵਾਲਮੀਕਿ ਮਹਿਤਾ ਰੋਡ ਵੱਲਾ ਅੰਮਿ੍ਤਸਰ ਵਜੋਂ ਹੋਈ ਹੈ | ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਮਾਤਾ ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਬੇਟੇ ਲਵਪ੍ਰੀਤ ਦਾ ਵਿਆਹ ਜੋਤੀ ਨਾਮਕ ਲੜਕੀ ਨਾਲ 7 ਸਾਲ ਪਹਿਲਾਂ ਹੋਇਆ ਸੀ ਜਿਸਦੇ ਦੋ ਬੱਚੇ ਇਕ ਚਾਰ ਸਾਲ ਦਾ ਬੇਟਾ ਤੇ ਇਕ ਦੋ ਸਾਲ ਦੀ ਬੇਟੀ ਹੈ | ਵਿਆਹੁਤਾ ਜੋਤੀ 15 ਦਿਨ ਪਹਿਲਾਂ ਆਪਣੇ ਪ੍ਰੇਮੀ ਸੰਨੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੀਰਾਂਬਾਗ ਚਲੀ ਗਈ ਜਿਸਦਾ ਪਤਾ ਲੱਗਣ 'ਤੇ ਉਸ ਨੇ ਪਤੀ ਤੇ ਪਰਿਵਾਰ ਨੇ ਵਾਪਿਸ ਉਸ ਨੂੰ ਵੱਲਾ ਲਿਆਂਦਾ, ਜਿਸ ਦੌਰਾਨ ਨੂੰਹ ਇੱਥੇ ਰਹਿਣ ਨੂੰ ਤਿਆਰ ਨਹੀਂ ਸੀ ਜਦਕਿ ਉਸ ਦੇ ਬੇਟੇ ਲਵਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਇਸ ਗਲਤੀ ਨੂੰ ਨਜ਼ਰ ਅੰਦਾਜ਼ ਕਰਕੇ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਹਰ ਤਰ੍ਹਾਂ ਨਾਲ ਸਹਿਮਤ ਹੋਣ ਅਤੇ ਕਿਤੇ ਹੋਰ ਥਾਂ ਕਿਰਾਏ 'ਤੇ ਰਹਿਣ ਦੇ ਤਰਲੇ ਮਿੰਨਤਾਂ ਕੀਤੀਆਂ ਗਈਆਂ, ਪਰ ਜੋਤੀ ਇੱਥੇ ਰਹਿਣ ਲਈ ਰਾਜ਼ੀ ਨਹੀਂ ਹੋਈ, ਜਿਸ ਕਾਰਨ ਲਵਪ੍ਰੀਤ ਸਿੰਘ ਨੇ ਦੁਖੀ ਹੋ ਕੇ ਲੰਘੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨਾਲ ਉਸਦੀ ਹਾਲਤ ਵਿਗੜਨ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਇਲਾਜ਼ ਮੌਤ ਹੋ ਗਈ | ਇਸ ਮਾਮਲੇ ਦੀ ਜਾਣਕਾਰੀ ਥਾਣਾ ਵੱਲਾ ਨੂੰ ਦੇ ਕੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਲੜਕੀ ਜੋਤੀ ਤੇ ਉਸਦੇ ਪ੍ਰੇਮੀ ਸੰਨੀ ਖਿਲਾਫ਼ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉੱਧਰ ਲੜਕੇ ਦੀ ਮੌਤ ਦੀ ਜਾਣਕਾਰੀ ਮਿਲਣ ਜਾਂਚ ਅਧਿਕਾਰੀ ਏ. ਐੱਸ. ਆਈ. ਬਲਦੇਵ ਸਿੰਘ ਨੇ ਪੁਲਿਸ ਪਾਰਟੀ ਨਾਲ ਹਸਪਤਾਲ ਪਹੁੰਚ ਕੇ ਮਿ੍ਤਕ ਨੌਜਵਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈਣ ਉਪਰੰਤ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਦੁਆਰਾ ਦਿੱਤੇ ਬਿਆਨਾ ਤੇ ਮਾਮਲਾ ਦਰਜ ਕਰਕੇ ਉਸ ਦੀ ਪਤਨੀ ਜੋਤੀ ਨੂੰ ਗਿ੍ਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ |