ਅੰਮਿ੍ਤਸਰ, 29 ਅਗਸਤ (ਰੇਸ਼ਮ ਸਿੰਘ)-ਹੁਣ ਤੱਕ ਲਗਾਤਾਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਸਰਹੱਦੀ ਖੇਤਰ ਅਜਨਾਲਾ, ਲੋਪੋਕੇ ਹਲਕੇ ਸਮੇਤ ਜ਼ਿਲ੍ਹੇ ਦੇ 60 ਦੇ ਕਰੀਬ ਪਿੰਡ ਹੜ੍ਹਾਂ ਦੀ ਸਿੱਧੀ ਮਾਰ ਹੇਠ ਆ ਗਏ ਹਨ | ਰਾਵੀ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਸਬ-ਡਵੀਜ਼ਨ ਅਜਨਾਲਾ ਅਤੇ ਲੋਪੋਕੇ ਦੇ ਪਿੰਡਾਂ 'ਚ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਸਿਵਲ ਦੀਆਂ ਟੀਮਾਂ ਤੋਂ ਇਲਾਵਾ ਫੌਜ, ਐੱਨ. ਡੀ. ਆਰ. ਐੱਫ., ਪੁਲਿਸ ਅਤੇ ਐੱਨ. ਜੀ. ਓ. ਵਲੋਂ ਵੀ ਲਗਾਤਾਰ ਰਾਹਤ ਕੰਮ ਕੀਤਾ ਜਾ ਰਿਹਾ ਹੈ | ਪਾਣੀ ਕਾਰਨ ਸੰਪਰਕ ਟੁੱਟੇ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅੱਜ ਹੈਲੀਕਾਪਟਰ ਰਾਹੀਂ ਰਾਹਤ ਸਮਗਰੀ ਤੇ ਫੂਡ ਪੈਕੇਟ ਵੀ ਵੰਡੇ ਗਏ ਹਨ | ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਜਿਲ੍ਹੇ ਦੇ 60 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੇ ਪਾਣੀ ਵਿਚ ਘਿਰੇ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਹੈ | ਇਸੇ ਤਰ੍ਹਾਂ ਰੈੱਡ ਕਰਾਸ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ 45 ਹਜ਼ਾਰ ਦੇ ਕਰੀਬ ਪਾਣੀ ਦੀਆਂ ਬੋਤਲਾਂ ਅਤੇ 17 ਹਜ਼ਾਰ ਤੋਂ ਵਧੇਰੇ ਫੂਡ ਪੈਕਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵਲੋਂ ਪੰਜਾਬ ਐਗਰੋ ਦੀ ਸਹਾਇਤਾ ਨਾਲ 100 ਕੁਇੰਟਲ ਦੇ ਕਰੀਬ ਸੁੱਕਾ ਚਾਰਾ ਅਤੇ 50-50 ਕਿਲੋਗ੍ਰਾਮ ਦੇ 850 ਬੋਰੀਆਂ ਫੀਡ ਪਸ਼ੂਆਂ ਲਈ ਵੰਡੇ ਜਾ ਚੁੱਕੇ ਹਨ | ਪਸ਼ੂ ਪਾਲਣ ਵਿਭਾਗ ਵਲੋਂ ਵੱਖ-ਵੱਖ ਥਾਂਵਾਂ ਤੇ ਵੈਟਨਰੀ ਡਾਕਟਰਾਂ ਦੀਆਂ ਡਿਊਟੀਆਂ ਪਸ਼ੂਆਂ ਦੇ ਇਲਾਜ ਲਈ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜਾਂ ਦੇ ਡਾਕਟਰੀ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਉੱਥੇ ਡਾਕਟਰਾਂ ਵਲੋਂ ਇਲਾਜ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਕਿਰਨਦੀਪ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਵੀ ਹੜ੍ਹ ਪੀੜਤ ਪਰਿਵਾਰਾਂ ਲਈ ਮੈਡੀਕਲ ਟੀਮਾਂ ਦੀ ਡਿਊਟੀ ਸਮੇਤ ਐਂਬੂਲੈਂਸਾਂ ਅਤੇ ਦਵਾਈਆਂ ਦੇਣ ਲਈ ਲਗਾਈ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਥਾਪਤ ਕੀਤੇ ਗਏ ਰਾਹਤ ਕੇਂਦਰਾਂ ਵਿਚ ਹੁਣ ਤੱਕ ਕਰੀਬ 200 ਤੋਂ ਵੱਧ ਲੋਕ ਆਸਰਾ ਲੈ ਚੁੱਕੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ | ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਕੈਂਪ ਦਾਣਾ ਮੰਡੀ ਅਜਨਾਲਾ, ਭਲਾ ਪਿੰਡ ਸ਼ੁਗਰ ਮਿਲ ਅਤੇ ਗੁਰਦੁਆਰਾ ਗੁਰੂ ਕਾ ਬਾਗ, ਸਰਕਾਰੀ ਸਕੂਲ ਤਲਵੰਡੀ ਨਾਹਰ, ਮੱਧੂ ਛਾਂਗਾ, ਮੋਹਣ ਭੰਡਾਰੀਆਂ, ਚੱਕ ਸਿਕੰਦਰ, ਗੋਰੇਨੰਗਲ, ਦਿਆਲ ਭੜੰਗ ਅਤੇ ਅਜਨਾਲਾ ਵਿਖੇ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿਥੇ ਕੋਈ ਵੀ ਹੜ੍ਹ ਪੀੜ੍ਹਤ ਪਰਿਵਾਰ ਇਨਾਂ ਕੈਂਪਾਂ ਵਿਚ ਸ਼ਰਨ ਲੈ ਸਕਦਾ ਹੈ | ਅੱਜ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ, ਐਸ.ਡੀ. ਐਮ. ਅਜਨਾਲਾ ਰਵਿੰਦਰ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਅਮਨਦੀਪ ਸਿੰਘ, ਸੈਕਟਰੀ ਰੈੱਡ ਕਰਾਸ ਸ੍ਰੀ ਸੈਮਸਨ ਮਸੀਹ ਅਤੇ ਹੋਰ ਅਧਿਕਾਰੀ ਤੜਕਸਾਰ ਤੋਂ ਹੀ ਰਾਹਤ ਕੰਮਾਂ ਵਿਚ ਲੱਗੇ ਹੋਏ ਹਨ | ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਜੱਟਾਂ, ਪੱਛੀਆਂ, ਨਿਸੋਕੇ, ਨੰਗਲ ਸੋਹਲ, ਮਾਛੀਵਾਲਾ, ਬਾਊਲੀ, ਰਮਦਾਸ, ਗੱਗੋਮਾਹਲ, ਅਵਾਣ, ਮਲਕਪੁਰ, ਦੂਜੋਵਾਲ, ਥੋਬਾ ਅਤੇ ਸੂਫੀਆਂ ਦੇ ਸਕੂਲਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਪਾਣੀ ਵਿਚ ਘਿਰੀਆਂ ਹਨ | ਉਨ੍ਹਾਂ ਦੱਸਿਆ ਕਿ ਚਮਿਆਰੀ ਅਤੇ ਸੁਧਾਰ ਸਕੂਲਾਂ ਵਿਚ ਹੜ੍ਹ ਪੀੜ੍ਹਤ ਦੀ ਮਦਦ ਲਈ ਆਏ ਫੌਜ ਦੇ ਜਵਾਨਾਂ ਨੇ ਆਪਣੀ ਰਿਹਾਇਸ਼ਗਾਹ ਬਣਾਈ ਗਈ ਹੈ | ਇਸੇ ਤਰਾਂ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੀੜ੍ਹਤਾਂ ਦੀ ਮਦਦ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਉਹ ਫੌਜ ਤੇ ਦੂਜੀਆਂ ਏਜੰਸੀਆਂ ਦੀ ਮਦਦ ਨਾਲ ਲੋੜਵੰਦਾਂ ਨੂੰ ਕੱਢਣ ਅਤੇ ਰਾਹਤ ਸਮੱਗਰੀ ਵੰਢਣ ਵਿਚ ਲੱਗੇ ਹੋਏ ਹਨ | ਅੱਜ ਹੈਲੀਕਾਪਟਰ ਰਾਹੀਂ 11 ਪਿੰਡਾਂ ਨੂੰ ਰਾਹਤ ਸਮਗਰੀ ਤੇ ਖਾਣੇ ਦੇ ਪੈਕਟ ਸੁੱਟੇ ਗਏ ਹਨ | ਜਿਨ੍ਹਾਂ 'ਚ ਗੋਨੇਵਾਲ, ਮਾਛੀਵਾਲ, ਸ਼ਹਿਜ਼ਾਦਾ, ਜੱਟਾ, ਪੱਛੀਆਂ, ਤਾਲਿਬਪੁਰ, ਨਿਸ਼ੋਕੇ, ਸਿੰਘੋਕੇ, ਘਾਗਰ, ਨੰਗਲ ਸੋਹਲ ਤੇ ਆਬਾਦੀ ਚੰਡੀਗੜ੍ਹ ਪਿੰਡ ਸ਼ਾਮਿਲ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਤੱਕ ਹਾਲਾਤ ਸਥਿਰ ਨਹੀਂ ਹੋ ਜਾਂਦੇ,ਉਹ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੈਂਪਾਂ ਵਿਚ ਆ ਕੇ ਰਹਿਣ | ਰਾਹਤ ਕੈਂਪਾਂ ਹੜ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਰਹਿਣ, ਖਾਣ-ਪੀਣ, ਦਵਾਈਆਂ ਤੇ ਹੋਰ ਮੁੱਢਲੀਆਂ ਸਹੂਲਤਾਂ ਨਾਲ ਲੈਸ ਹੈ |
ਅੰਮਿ੍ਤਸਰ ਜ਼ਿਲ੍ਹੇ ਦੇ 60 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ
ਅਜੀਤ ਡੈਸਕ
30-08-2025