ਅੰਮਿ੍ਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਝਬਾਲ ਰੋਡ ਵਿਖੇ ਸੰਪੂਰਨ ਸੁਰੱਖਿਆ ਕੇਂਦਰ, ਸਰਕਾਰੀ ਮੈਡੀਕਲ ਕਾਲਜ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਏਡਜ਼ ਵਰਗੀਆਂ ਘਾਤਕ ਬਿਮਾਰੀਆਂ ਬਾਰੇ ਜਾਗਰੂਕ ਕਰਨ ਹਿੱਤ ਪ੍ਰੋਗਰਾਮ ਕਰਵਾਇਆ ਗਿਆ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਚੱਲਦਿਆਂ ਸਰਕਾਰੀ ਮੈਡੀਕਲ ਕਾਲਜ ਤੋਂ ਪ੍ਰੋਜੈਕਟ ਮੈਨੇਜਰ ਗਗਨਦੀਪ ਸਿੰਘ ਅਤੇ ਆਈ. ਸੀ. ਟੀ. ਸੀ. ਕੌਂਸਲਰ ਮੈਡਮ ਟੀਨਾ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਏਡਜ਼ ਦੇ ਕਾਰਨਾਂ, ਇਸ ਦੇ ਪ੍ਰਭਾਵਾਂ ਅਤੇ ਬਚਾਅ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨਰਸਿੰਗ ਕਾਲਜ ਦੇ ਚੇਅਰਮੈਨ ਡਾ. ਆਤਮਜੀਤ ਸਿੰਘ ਬਸਰਾ ਨੇ ਕਿਹਾ ਕਿ ਏਡਜ਼ ਜਿਹੀ ਘਾਤਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਸਾਰਥਿਕ ਹੱਲ ਸਹੀ ਜਾਣਕਾਰੀ ਤੇ ਜਾਗਰੂਕ ਹੋਣਾ ਹੈ | ਜਦੋਂ ਤੱਕ ਲੋਕਾਂ ਨੂੰ ਇਸ ਬਾਰੇ ਸੁਚੇਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਜਿਹੀਆਂ ਬਿਮਾਰੀਆਂ ਨੂੰ ਰੋਕਿਆ ਜਾਣਾ ਮੁਸ਼ਕਿਲ ਹੈ | ਪਿ੍ੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕੇ. ਪੀ. ਆਰਟ ਗਰੁੱਪ ਵਲੋਂ ਅਮਨ ਦੀ ਅਗਵਾਈ ਵਿਚ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਦਾ ਨੁੱਕੜ ਨਾਟਕ ਵੀ ਖੇਡਿਆ ਗਿਆ | ਚੇਅਰਮੈਨ ਡਾ. ਬਸਰਾ ਵਲੋਂ ਆਏ ਹੋਏ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਹਰਲੀਨ ਕੌਰ, ਪ੍ਰੋ: ਡਾ. ਭਾਵਨਾ, ਮੈਡਮ ਜਤਿੰਦਰ ਕੌਰ ਅਤੇ ਕਾਲਜ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ |