ਚੱਬਾ, 1 ਸਤੰਬਰ (ਜੱਸਾ ਅਣਜਾਣ)-ਸੂਬੇ ਵਿਚ ਬੀਤੇ ਦਿਨਾਂ ਤੋਂ ਹੈ ਰਹੀ ਲਗਾਤਾਰ ਬਾਰਿਸ਼ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਤੇ ਗਰੀਬ ਪਰਿਵਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਪਿੰਡ ਚਾਟੀਵਿੰਡ ਵਿਖੇ ਇਕ ਗਰੀਬ ਬਜ਼ੁਰਗ ਨੇ ਗੱਲਬਾਤ ਦੌਰਾਨ ਆਪਣਾ ਨਾਮ ਦਰਸ਼ਨ ਸਿੰਘ ਉਰਫ ਦਰਸੂ ਦੱਸਦਿਆਂ ਕਿਹਾ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਮੇਰੇ ਖ਼ਸਤਾ ਹੋਏ ਕੱਚੇ ਕੋਠੇ ਦੀ ਛੱਤ ਦਾ ਚੋਅ-ਚੋਅ ਕੇ ਬੁਰਾ ਹਾਲ ਹੋਇਆ ਪਿਆ ਹੈ | ਜਿਸ ਵਿਚ ਮੈਂ ਤੇ ਮੇਰੀ ਬਜ਼ੁਰਗ ਪਤਨੀ ਰਹਿ ਰਹੇ ਹਾਂ, ਇਹ ਕਾਨਿਆਂ ਤੇ ਵਾਂਸਾਂ ਵਾਲੀ ਛੱਤ ਪਤਾ ਨਹੀਂ ਕਦੋਂ ਡਿੱਗ ਪਵੇ | ਅਸੀਂ ਘਰੋਂ ਬੇਘਰ ਹੋ ਕੇ ਦਿਨ ਕੱਢ ਰਹੇ ਹਾਂ ਤੇ ਕੰਧਾਂ ਵਿਚ ਵੀ ਵੱਡੇ-ਵੱਡੇ ਮੁੱਗ ਪੈ ਚੁੱਕੇ ਹਨ | ਬਜ਼ੁਰਗ ਨੇ ਕਿਹਾ ਕਿ ਕਈ ਵਾਰ ਸਿਆਸੀ ਨੁਮਾਇੰਦਿਆਂ ਨੇ ਇਹ ਕੱਚੇ ਕੋਠੇ ਨੂੰ ਪੱਕਾ ਕਰਨ ਲਈ ਫਾਰਮ ਭਰੇ ਸਾਡੇ ਕੋਲੋਂ ਪੈਸੇ ਵੀ ਲੈ ਗਏ ਪਰ ਕੋਠਾ ਸਾਡਾ ਪੱਕਾ ਨਹੀਂ ਬਣਿਆ | ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਡੀ ਗਰੀਬਾਂ ਦੀ ਸਾਰ ਨਹੀਂ ਲਈ ਜੇ ਸਰਕਾਰ ਵਲੋਂ ਕੱਚੇ ਕੋਠੇ ਨੂੰ ਪੱਕਾ ਕਰਨ ਲਈ ਸਹਾਇਤਾ ਮਿਲ ਜਾਂਦੀ ਤਾਂ ਅੱਜ ਸਾਨੂੰ ਆਂਢ ਗੁਆਂਢ ਨਾ ਸੋਣਾ ਪੈਂਦਾ | ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡਾ ਤਰਸ ਦੇ ਆਧਾਰ 'ਤੇ ਕੋਠਾ ਪੱਕਾ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਣੀ ਰਹਿੰਦੀ ਜ਼ਿੰਦਗੀ ਦੇ ਪਲ ਅਰਾਮ ਨਾਲ ਗੁਜਾਰ ਸਕੀਏ |