ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਸਤਨਾਮ ਸਿੰਘ ਝੰਡੇਰ, ਰਵਿੰਦਰ ਸਿੰਘ ਛੱਜਲਵੱਡੀ ਤੇ ਸੁਖਦੇਵ ਸਿੰਘ ਸਹਿੰਸਰਾ ਦੀ ਅਗਵਾਈ 'ਚ ਕਿਸਾਨਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ, ਜੋ ਕਿ ਤਹਿਸੀਲਦਾਰ ਅੰਗਦਦੀਪ ਸਿੰਘ ਨੇ ਪ੍ਰਾਪਤ ਕੀਤਾ | ਇਸ ਸਮੇਂ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਨੇ ਕਿਹਾ ਕਿ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਨੂੰ ਦਰਕਿਨਾਰ ਕਰਕੇ ਡੈਮਾਂ ਨੂੰ ਨੱਕੋ-ਨੱਕ ਭਰ ਲੈਣ ਅਤੇ ਹੁਣ ਪਹਾੜਾਂ 'ਚ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਭਾਰੀ ਬਾਰਿਸ਼ ਹੋਣ ਤੇ ਥੀਨ ਡੈਮ, ਰਣਜੀਤ ਸਾਗਰ ਡੈਮ ਆਦਿ ਡੈਮਾਂ ਦੇ ਅਧਿਕਾਰੀਆਂ ਵਲੋਂ ਰਾਵੀ, ਸਤਲੁਜ ਤੇ ਬਿਆਸ ਦਰਿਆਵਾਂ 'ਚ ਲੱਖਾਂ ਕਿਊਸਕ ਪਾਣੀ ਇਕੋ ਵਾਰ ਛੱਡਕੇ ਗੁਰਦਾਸਪੁਰ ਤੇ ਅੰਮਿ੍ਤਸਰ, ਤਰਨਤਾਰਨ, ਕਪੂਰਥਲਾ ਆਦਿ ਜ਼ਿਲਿ੍ਹਆਂ 'ਚ ਸੈਂਕੜੇ ਪਿੰਡਾਂ 'ਚ ਤਬਾਹੀ ਦਾ ਮੰਜ਼ਰ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਲਈ ਡੈਮਾਂ ਨੂੰ ਕੰਟਰੋਲ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਿਸ ਨੇ ਹੜਾਂ ਦੀ ਰੋਕਥਾਮ ਲਈ ਧੁੱਸੀ ਬੰਨਾਂ ਨੂੰ ਮਜ਼ਬੂਤ ਕਰਨ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹੜਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ, ਮੁਆਵਜ਼ਾ ਨੀਤੀ ਨੂੰ ਸੋਧਿਆ ਜਾਵੇ ਤੇ ਕਿਸਾਨਾਂ ਨੂੰ ਫੀ ਏਕੜ ਜਿੰਨ੍ਹਾਂ ਨੁਕਸਾਨ ਉਨ੍ਹਾਂ ਮੁਆਵਜ਼ਾ ਦਿੱਤਾ ਜਾਵੇ ਤੇ ਫੌਰੀ ਰਾਹਤ ਦੇ ਤੌਰ ਤੇ ਕਿਸਾਨਾਂ ਨੂੰ 50 ਹਜ਼ਾਰ ਤੇ ਮਜ਼ਦੂਰਾਂ ਨੂੰ 25 ਹਜ਼ਾਰ ਰੁਪਏ ਅੰਤਿ੍ਮ ਰਾਹਤ ਦਿੱਤੀ ਜਾਵੇ | ਪਸ਼ੂਆਂ ਤੇ ਮਕਾਨਾਂ ਦੇ ਮੁਆਵਜੇ ਦੀ ਨੀਤੀ ਨੂੰ ਤਰਕਸੰਗਤ ਬਣਾਇਆ ਜਾਵੇ | ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਵੰਡ ਲਈ ਰਿਪੇਰੀਅਨ ਸਿਧਾਂਤ ਲਾਗੂ ਕੀਤਾ ਜਾਵੇ ਤੇ ਡੈਮਾਂ ਦਾ ਕੰਟਰੋਲ ਪੰਜਾਬ ਹਵਾਲੇ ਕੀਤਾ ਜਾਵੇ | ਡੈਮਾਂ ਦੀ ਡੀਸਿਲਟਿੰਗ ਕੀਤੀ ਜਾਵੇ | ਭਾਰਤ ਮਾਲਾ ਆਦਿ ਸੜਕੀ ਪ੍ਰੋਜੈਕਟਾਂ ਦੇ ਹੇਠਾਂ ਪਾਣੀ ਦੇ ਕੁਦਰਤੀ ਵਹਾਅ ਨੂੰ ਬਣਾ ਕੇ ਰੱਖਣ ਲਈ ਪੁਲੀਆਂ ਦਾ ਪ੍ਰਬੰਧ ਕੀਤਾ ਜਾਵੇ | ਹਰੇਕ ਖੇਤ ਤੱਕ ਨਹਿਰੀ ਪਾਣੀ ਤੇ ਹਰੇਕ ਘਰ ਲਈ ਪੀਣ ਵਾਲਾ ਸਾਫ ਪਾਣੀ ਦਾ ਨਹਿਰੀ ਢਾਂਚਾ ਵਿਕਸਿਤ ਕੀਤਾ ਜਾਵੇ | ਡੈਮਾਂ ਵਿਚੋਂ ਬਾਰਿਸ਼ਾਂ ਦੇ ਸੀਜ਼ਨ ਦੌਰਾਨ ਪਾਣੀ ਛੱਡਣ ਦੀ ਯੋਗ ਪ੍ਰਣਾਲੀ ਵਿਕਸਿਤ ਕੀਤੀ ਜਾਵੇ | ਧੁੱਸੀ ਬੰਨ੍ਹਾਂ ਦੇ ਰੱਖ ਰਖਾਵ ਲਈ ਟਾਸਕ ਫੋਰਸ ਬਣਾਈ ਜਾਵੇ ਤੇ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ | ਇਸ ਸਮੇਂ ਕਿਸਾਨ ਆਗੂ ਗੁਰਸ਼ਰਨ ਸਿੰਘ ਰਾਣੇ ਵਾਲੀ, ਜੋਰਾ ਸਿੰਘ ਘੁੱਕੇਵਾਲੀ, ਹਰਦੇਵ ਸਿੰਘ ਵੀਰਮ, ਸੂਬੇਦਾਰ ਜਗਿੰਦਰ ਸਿੰਘ ਘੁੱਕੇਵਾਲੀ,ਪਿਆਰਾ ਸਿੰਘ ਵੀਰਮ ਆਦਿ ਹਾਜ਼ਰ ਸਨ |