ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ 'ਚ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਹੋ ਰਹੇ ਨੁਕਸਾਨ ਅਤੇ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਦਾ ਠੋਸ ਹੱਲ ਕਰਵਾਉਣ ਲਈ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਅੱਜ ਡਿਪਟੀ ਕਮਿਸ਼ਨਰ ਰਾਹੀਂ ਜਿਥੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਉਥੇ ਹੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਮਦਦ ਲਈ ਫੈਡਰੇਸ਼ਨ ਵਲੋਂ ਜਲਦੀ ਹਰ ਸੰਭਵ ਸਹਾਇਤਾ ਭੇਜਣ ਦਾ ਵੀ ਐਲਾਨ ਕੀਤਾ ਗਿਆ | ਇਸ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਪਰਮਜੀਤ ਕੌਰ ਮਾਨ, ਰਛਪਾਲ ਸਿੰਘ ਜੋਧਾਨਗਰੀ ਅਤੇ ਸੁਖਦੇਵ ਸਿੰਘ ਉਮਰਾਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਰੋਕਣ ਅਤੇ ਪੀੜਤ ਲੋਕਾਂ ਨੂੰ ਰਾਹਤ ਦੇਣ 'ਚ ਅਸਫ਼ਲ ਰਹੀ ਹੈ ਜਦਕਿ ਕੇਂਦਰ ਸਰਕਾਰ ਨੇ ਵੀ ਇਸ ਸਥਿਤੀ ਨਾਲ ਨਿਪਟਣ ਲਈ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਵਿੱਤੀ ਪੈਕੇਜ ਨਹੀਂ ਦਿੱਤਾ | ਫੈਡਰੇਸ਼ਨ ਦੇ ਆਗੂ ਰਾਜੇਸ਼ ਪ੍ਰਾਸ਼ਰ, ਬਲਜਿੰਦਰ ਸਿੰਘ ਮਿੰਟੂ, ਮਨਜੀਤ ਕੌਰ ਢਪੱਈਆਂ, ਕੰਵਰਜੀਤ ਸਿੰਘ ਨੰਗਲ ਦਿਆਲ ਸਿੰਘ, ਨਵਤੇਜ ਸਿੰਘ ਜੱਬੋਵਾਲ ਅਤੇ ਕੁਲਦੀਪ ਸਿੰਘ ਵਰਨਾਲੀ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਵਲੋਂ ਘੱਟੋ ਘੱਟ 5 ਹਜ਼ਾਰ ਕਰੋੜ ਰੁਪਏ ਅਤੇ ਕੇਂਦਰ ਸਰਕਾਰ ਵਲੋਂ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜਾਂ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ | ਫੈਡਰੇਸ਼ਨ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਪਰਮਿੰਦਰ ਸਿੰਘ ਰਾਜਾਸਾਂਸੀ, ਕੁੰਨਣ ਸਿੰਘ ਜੱਲੂਪੁਰ, ਕੰਵਲਜੀਤ ਸਿੰਘ ਫਤਹਿਪੁਰ, ਹਰਿੰਦਰ ਐਮਾਂ, ਪਰਮਜੀਤ ਸਿੰਘ ਖਡੂਰ ਸਾਹਿਬ, ਹੀਰਾ ਲਾਲ ਅੰਮਿ੍ਤਸਰ, ਸੁਖਵਿੰਦਰ ਸਿੰਘ ਅਰਜਨ ਮਾਂਗਾ, ਸੰਧਿਆ ਅਤੇ ਰੇਨੂੰ ਗੁਮਟਾਲਾ ਆਦਿ ਵੀ ਹਾਜ਼ਰ ਸਨ |