ਅੰਮਿ੍ਤਸਰ, 3 ਸਤੰਬਰ (ਰੇਸ਼ਮ ਸਿੰਘ)-ਇਥੇ ਹਾਊਸ ਆਫ ਬਿਊਟੀ ਸਲੂਨ ਐਂਡ ਅਕੈਡਮੀ (ਸਾਹਮਣੇ ਖਾਲਸਾ ਕਾਲਜ) ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਫ਼ੈਲਾਉਣ ਦੇ ਮਾਮਲੇ 'ਚ ਪੁਲਿਸ ਵਲੋਂ 2 ਨਾਬਾਲਗਾਂ ਸਮੇਤ 3 ਨੌਜਵਾਨਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਵਾਰਦਾਤ ਲਈ ਵਰਤਿਆ ਗਲਾਕ ਪਿਸਤੌਲ ਸਮੇਤ ਮੈਗਜ਼ੀਨ ਤੇ 6 ਜਿੰਦਾ ਰੌਂਦ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਗਿ੍ਫਤਾਰ ਕੀਤੇ ਤਿੰਨੇ ਨੌਜਵਾਨ 16, 17 ਤੇ 18 ਸਾਲ ਦੀ ਉਮਰ ਦੇ ਅੱਲੜ ਨੌਜਵਾਨ ਹਨ | ਗਿ੍ਫਤਾਰ ਕੀਤੇ ਇਕ ਨੌਜਵਾਨ ਦੀ ਸ਼ਨਾਖਤ ਮਾਨਸ ਬਹਿਲ (18) ਵਾਸੀ ਭਰਾੜੀ ਵਾਲਾ ਗੇਟ ਹਕੀਮਾਂ ਵਜੋਂ ਦਸੀ ਗਈ ਹੈ ਜਦੋਂ ਕਿ ਬਾਕੀ ਦੋਵੇਂ ਲੜਕੇ ਨਾਬਾਲਗ ਹੋਣ ਕਾਰਨ ਨਾਮ ਪਤੇ ਜਨਤਕ ਨਹੀਂ ਕੀਤੇ ਗਏ | ਇਹ ਪ੍ਰਗਟਾਵਾ ਕਰਦਿਆਂ ਡੀ. ਸੀ. ਪੀ. ਆਲਮ ਵਿਜੈ ਸਿੰਘ ਨੇ ਦੱਸਿਆ ਕਿ ਇਕ ਨਾਬਾਲਗ ਲੜਕੇ ਨੇ ਪੁਛਗਿੱਛ 'ਚ ਦੱਸਿਆ ਕਿ 2 ਮਹੀਨੇ ਪਹਿਲਾਂ ਇੰਸਟਾਗ੍ਰਾਮ 'ਤੇ ਉਸਦੀ ਅਰਸ਼ਦੀਪ ਸਿੰਘ ਬੰਗਾ ਨਾਲ ਗੱਲਬਾਤ ਹੋਈ ਜੋ ਵਿਦੇਸ਼ 'ਚ ਰਹਿੰਦਾ ਹੈ ਉਸਨੂੰ ਨਾਬਾਲਗ ਨੇ ਦੱਸਿਆ ਕਿ ਉਹ ਵਿਹਲਾ ਹੀ ਹੈ ਜਿਸਨੇ ਕਿਹਾ ਕਿ ਉਸ ਲਈ ਕੰਮ ਕਰੇ ਤੇ ਉਸੂਨੂੰ ਪੈਸੇ ਮਿਲਣਗੇ | ਘਰ ਦੀ ਹਾਲਤ ਮਾੜੀ ਹੋਣ ਕਾਰਨ ਨਾਬਾਲਗ ਉਸਦੀ ਗੱਲਾਂ 'ਚ ਆ ਗਿਆ | ਉਸ ਉਪਰੰਤ ਵਿਦੇਸ਼ 'ਚ ਹੀ ਰਹਿੰਦੇ ਮੁਹੱਬਤ ਰੰਧਾਵਾ ਨੇ ਉਸਨੂੰ ਫੋਨ ਕਰਕੇ ਕਿਸੇ ਅਣਪਛਾਤੇ ਬੰਦੇ ਨੂੰ ਮਿਲਣ ਲਈ ਕਿਹਾ ਜਿਸ ਨੇ ਉਸਨੂੰ ਇਕ ਗਲਾਕ ਪਿਸਤੌਲ, 8 ਜਿੰਦਾ ਰੌਂਦ ਤੇ ਕੁਝ ਪੈਸੇ ਤੇ ਇਕ ਮੋਟਰਸਾਈਕਲ ਵੀ ਦਿੱਤਾ ਤੇ ਉਸ ਨੂੰ ਹਾਊਸ ਆਫ ਬਿਊਟੀ ਪਾਰਲਰ ਵਰਲਡ ਵਾਈਡ ਇੰਮੀਗ੍ਰੇਸ਼ਨ ਦਫਤਰ ਦੇ ਸਾਹਮਣੇ ਗੋਲੀ ਚਲਾਉਣ ਲਈ ਕਿਹਾ ਜੋ ਕਿ ਉਸਨੇ ਆਪਣੇ 2 ਦੋਸਤਾਂ ਨੂੰ ਵੀ ਆਪਣੇ ਨਾਲ ਰਲਾ ਕੇ 26 ਅਗਸਤ ਨੂੰ ਗੋਲੀਆਂ ਚਲਾ ਕੇ ਫਰਾਰ ਹੋ ਗਏ | ਇਸ ਉਪਰੰਤ ਮੋਟਰਸਾਈਕਲ ਉਨ੍ਹਾਂ ਬਹੋੜੂ ਨਹਿਰ ਦੀ ਪੱਟੜੀ 'ਤੇ ਸੁੱਟ ਦਿੱਤਾ ਦੇ ਰੁੜਕੀ ਉਤਰਾਖੰਡ ਲਈ ਰੇਲ ਗੱਡੀ ਰਾਹੀਂ ਫਰਾਰ ਹੋ ਗਏ | ਇਸ ਮੌਕੇ ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ , ਏ.ਸੀ.ਪੀ. ਜਸਪਾਲ ਸਿੰਘ ਆਦਿ ਹਾਜ਼ਰ ਸਨ |