ਅੰਮਿ੍ਤਸਰ, 3 ਸਤੰਬਰ (ਰੇਸ਼ਮ ਸਿੰਘ)- ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀ ਫੇਰੀ ਉਪਰੰਤ ਸਿਹਤ ਵਿਭਾਗ ਪੂਰੀ ਤਰ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਡੱਟ ਗਿਆ ਹੈ ਜਿਸ ਤਹਿਤ ਅੰਮਿ੍ਤਸਰ ਦੇ ਸਿਵਲ ਹਸਪਤਾਲ ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਵਿਸੇਸ਼ ਵਾਰਡਾਂ ਬਣਾ ਕੇ ਮਰੀਜ਼ਾਂ ਦੇ ਇਲਾਜ਼ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ | ਮਿਲੇ ਵੇਰਵਿਆਂ ਅਨੁਸਾਰ ਸਰਕਾਰੀ ਮੈਡੀਕਲ ਤੇ ਸਿਹਤ ਸੰਸਥਾਨਾਂ 'ਚ ਕੰਮ ਕਰਦੇ ਡਾਕਟਰਾਂ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ, ਸਿਹਤ ਕਾਮੇ, ਟੈਕਨੀਕਲ ਤੇ ਦਰਜ਼ਾ ਚਾਰ ਨੂੰ ਵੀ ਛੁੱਟੀਆਂ ਬੰਦ ਕਰ ਦਿੱਤੀਆਂ ਹਨ ਤੇ ਬਿਨਾਂ ਦਸੇ ਸਟੇਸ਼ਨ ਨਾ ਛੱਡਣ ਦੇ ਹੁਕਮ ਵੀ ਜ਼ਾਰੀ ਕੀਤੇ ਗਏ ਹਨ | ਇਸ ਦੇ ਨਾਲ ਹੀ ਸਿਹਤ ਵਿਭਾਗ ਨਾਲ ਸੰਬੰਧਤ ਜਥੇਬੰਦੀਆਂ ਵੀ ਆਪਣੀ ਡਿਊਟੀ 'ਤੇ ਡੱਟ ਗਈਆਂ ਹਨ | ਕੋਰੋਨਾ ਪੈਰਾ ਮੈਡੀਕਲ ਵਲੰਟੀਅਰ ਟੀਮ ਦੇ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਨੇ ਦੱਸਿਆ ਗਿਆ ਕਿ ਕੋਰੋਨਾ ਟੀਮ ਵਲੋਂ ਰਮਦਾਸ ਦੇ ਪਿੰਡਾਂ ਰਮਦਾਸ, ਘੋਨੇਵਾਲ, ਮਾਸੀਵਾਲ, ਗਗੜ੍ਹ, ਪਸ਼ੀਆ ਆਦਿ ਪਿੰਡਾਂ ਵਿਚ ਜਾ ਕੇ ਪੀੜਤਾਂ ਦੀ ਸਾਰ ਲਈ ਜਾ ਰਹੀ ਹੈ ਜਿਸ ਤਹਿਤ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਤੇ ਸ਼ੂਗਰ ਵਾਲੇ ਮਰੀਜ਼ਾਂ ਦੀ ਸ਼ੂਗਰ ਵੀ ਟੈਸਟ ਕੀਤੀ ਗਈ ਤੇ ਹਰ ਪ੍ਰਕਾਰ ਦੀ ਦਵਾਈ ਦਿੱਤੀ ਗਈ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਗਈ ਇਸ ਸਮੇਂ ਟੀਮ ਦੇ ਵਲੰਟੀਅਰ ਗੀਤਾ ਰਾਣੀ, ਗੁਰਪ੍ਰੀਤ ਕੌਰ, ਸਰਬਜੀਤ ਸਿੰਘ, ਗੁਰਪ੍ਰੀਤਪਾਲ ਸਿੰਘ, ਈਸ਼ਰ ਸਿੰਘ, ਗੁਰਪਿੰਦਰ ਸਿੰਘ ਆਦਿ ਵਲੰਟੀਅਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਦੀ ਦਿਨ ਰਾਤ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਕਿਸੇ ਪਿੰਡ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ |