ਅੰਮਿ੍ਤਸਰ/ਅਜਨਾਲਾ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ/ਗੁਰਪ੍ਰੀਤ ਸਿੰਘ ਢਿੱਲੋਂ)-ਰਾਵੀਂ ਦਰਿਆ 'ਚ ਹੜ੍ਹ ਆਉਣ ਨਾਲ ਅੰਮਿ੍ਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਸੰਬੰਧੀ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ 'ਚੋਂ ਕ੍ਰਮਵਾਰ 50 ਲੱਖ ਅਤੇ 25 ਲੱਖ ਰੁਪਏ ਦੀ ਗ੍ਰਾਂਟ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਨੂੰ ਦੇਣ ਦਾ ਐਲਾਨ ਕੀਤਾ ਹੈ | ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਭੇਜੇ ਗਏ ਪੱਤਰ 'ਚ ਰਾਘਵ ਚੱਢਾ ਨੇ ਲਿਖਿਆ ਕਿ ਪੰਜਾਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਇਸ ਸੰਕਟ 'ਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਇਹ ਪੈਸਾ ਹੜ੍ਹ ਪ੍ਰਭਾਵਿਤ ਇਲਾਕੇ 'ਚ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇ | ਇਸ ਦੌਰਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜੋ ਖੁਦ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਟੀਮ ਨਾਲ ਅਜਨਾਲਾ, ਰਮਦਾਸ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਕਰ ਰਹੇ ਹਨ, ਨੇ ਆਪਣੇ ਅਖਤਿਆਰੀ ਕੋਟੇ 'ਚੋਂ 25 ਲੱਖ ਰੁਪਏ ਦੀ ਗ੍ਰਾਂਟ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਦੇ ਕੰਮਾਂ ਲਈ ਦਿੱਤੀ ਹੈ |