ਸੁਲਤਾਨਵਿੰਡ, 4 ਸਤੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 37 ਦੀ ਦੋਬੁਰਜੀ ਲਿੰਕ ਰੋਡ ਦੇ ਦੋਵੇਂ ਪਾਸਿਆਂ 'ਤੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਛੱਪੜ ਦਾ ਰੂਪ ਧਾਰ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਹਰਜਿੰਦਰ ਸਿੰਘ ਕੇਵਲ, ਤਰਸੇਮ ਸਿੰਘ, ਕਾਲਾ ਸਿੰਘ, ਗੁਰਤਾਜ ਸਿੰਘ, ਨਿਸ਼ਾਨ ਸਿੰਘ, ਬਚਿੱਤਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਹੀਰਾ ਸਿੰਘ ਆਦਿ ਨੇ ਦੱਸਿਆ ਕਿ ਦੋਬੁਰਜੀ ਲਿੰਕ ਰੋਡ ਦੀ ਸੜਕ 'ਤੇ ਦੋਵ੍ਹਾਂ ਪਾਸਿਆਂ 'ਤੇ ਪਿਛਲੇ ਕੁਝ ਦਿਨਾ ਤੋਂ ਪੈ ਰਹੇ ਮੀਂਹ ਨਾਲ ਛੱਪੜ ਨੇ ਰੂਪ ਧਾਰਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਛੱਪੜ ਦਾ ਰੂਪ ਧਾਰ ਚੁੱਕੇ ਕਿ ਪਾਣੀ ਗੰਦੇ ਪਾਣੀ ਵਿਚੋਂ ਬਦਬੂ ਆ ਰਹੀ ਹੈ ਜਿਸ ਨਾਲ ਨੇੜਲੇ ਘਰਾਂ ਦੇ ਲੋਕ ਤੇ ਦੁਕਾਨਦਾਰ ਡਾਹਢੇ ਪ੍ਰੇਸ਼ਾਨ ਹਨ | ਇਸ ਛੱਪੜ ਵਿਚ ਕੀੜੇ ਮਕੌੜੇ ਅਤੇ ਹੋਰ ਜੀਵ ਜੰਤੂ ਵੀ ਹਨ | ਉਨ੍ਹਾਂ ਦੱਸਿਆ ਕਿ ਇਸ ਛੱਪੜ ਵਿਚ ਪਲਾਸਟਿਕ ਦੀਆਂ ਛੋਟੀਆਂ ਮੋਟੀਆਂ ਬੋਤਲਾਂ ਅਤੇ ਮੋਮੀ ਲਿਫ਼ਾਫ਼ੇ ਤਰਦੇ ਫਿਰਦੇ ਹਨ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਦੇਣ ਦੀ ਬਜਾਏ ਗੋਂਗਲੂਆਂ ਤੋਂ ਮਿੱਟੀ ਝਾੜਦਾ ਨਜ਼ਰ ਆ ਰਿਹਾ ਹੈ | ਇਲਾਕਾ ਵਾਸੀਆਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਪਿੰਡ ਸੁਲਤਾਨਵਿੰਡ ਇਸ ਛੱਪੜ ਦਾ ਕੋਈ ਹੱਲ ਨਾ ਕੱਢਿਆ ਤਾਂ ਭਿਆਨਕ ਬਿਮਾਰੀ ਫ਼ੈਲ ਸਕਦੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਬੁਰਜੀ ਲਿੰਕ ਰੋਡ 'ਤੇ ਇਸ ਛੱਪੜ ਨੂੰ ਪੂਰਿਆ ਜਾਵੇ ਅਤੇ ਇਥੇ ਸਾਫ ਸਫਾਈ ਕਰਵਾਈ ਜਾਵੇ | ਜਦੋਂ ਇਸ ਸੰਬੰਧੀ ਸੰਬੰਧਿਤ ਕੌਂਸਲਰ ਗੁਰਜੀਤ ਕੌਰ ਦੇ ਭਰਾ ਹਿੰਮਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤਾਂ ਖਤਮ ਹੋਣ ਤੋਂ ਬਾਅਦ ਇਲਾਕੇ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ |