ਅੰਮਿ੍ਤਸਰ, 6 ਸਤੰਬਰ (ਜਸਵੰਤ ਸਿੰਘ ਜੱਸ)-ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਵਲੋਂ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਅੱਜ ਛੇਵੀਂ ਵਾਰ ਵੱਡੀ ਰਾਹਤ ਖੇਪ ਹੜ੍ਹ ਪੀੜਤ ਇਲਾਕਿਆਂ ਵੱਲ ਭੇਜੀ ਗਈ | ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਵਾਰੀ ਜੋ ਰਾਹਤ ਸਮੱਗਰੀ ਭੇਜੀ ਗਈ ਹੈ, ਉਸ ਵਿਚ ਸੋਲਰ ਲਾਈਟਾਂ, ਡਾਈਪਰ, ਮੱਛਰਦਾਨੀਆਂ, ਰਾਸ਼ਨ, ਦੂਧ ਦੇ ਪੈਕੇਟ, ਅਚਾਰ, ਮਾਚਿਸ, ਅਗਰਬੱਤੀਆਂ, ਮੈਡੀਕਲ ਕਿੱਟ, ਮੱਛਰ ਮਾਰਣ ਵਾਲੀਆਂ ਦਵਾਈਆਂ, ਪਾਣੀ ਦੇ ਡਿਸਪੋਜ਼ਲ ਪੈਕ ਅਤੇ ਪਸ਼ੂਆਂ ਲਈ ਚੋਕਰ ਵਰਗੀਆਂ ਅਨੇਕਾਂ ਜ਼ਰੂਰੀ ਵਸਤੂਆਂ ਸ਼ਾਮਿਲ ਹਨ | ਇਹ ਸਾਰੀ ਖੇਪ ਲਗਭਗ 300 ਬੋਰੀਆਂ, ਦੋ ਟਰਾਲੀਆਂ ਦੇ ਰਾਹੀਂ ਰਵਾਨਾ ਕੀਤੀ ਗਈ ਤੇ ਇਹ ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਭੇਜੀਆਂ ਗਈਆਂ ਹਨ | ਉ੍ਹਨਾਂ ਦੱਸਿਆ ਕਿ ਰਾਹਤ ਸਮੱਗਰੀ ਦੇ ਨਾਲ ਨਾਲ ਮੈਡੀਕਲ ਟੀਮਾਂ ਵੀ ਰਵਾਨਾ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੀ ਮੈਡੀਕਲ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਮੈਡੀਸਨ ਕਿੱਟਾਂ ਵੀ ਵੰਡੀਆਂ ਜਾਣਗੀਆਂ | ਉਨ੍ਹਾਂ ਕਿਹਾ ਇਹ ਸਾਰੀ ਸਮੱਗਰੀ ਅੱਜ ਹਰੀਕੇ, ਤਰਨ ਤਾਰਨ, ਫਿਰੋਜ਼ਪੁਰ, ਅਤੇ ਨਿਕਟਵਰਤੀ ਪਿੰਡਾਂ ਵੱਲ ਭੇਜੀ ਗਈ ਹੈ |