ਅੰਮਿ੍ਤਸਰ, 6 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੱਸਿਆ ਕਿ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾਂ ਦਾ ਸਲਾਨਾ ਜੋੜ ਮੇਲਾ 18ਵੀਂ ਸਦੀ ਤੋਂ ਸਥਾਪਿਤ ਇਤਿਹਾਸਕ ਅਸਥਾਨ ਛਾਉਣੀ ਬੁੱਢਾ ਦਲ ਬੁੱਢਾ ਜੌਹੜ ਰਾਜਸਥਾਨ ਵਿਖੇ 10 ਸਤੰਬਰ ਨੂੰ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੁੱਢਾ ਦਲ ਦੇ ਮੁੱਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਬਦੀ ਕਰਨ ਵਾਲੇ ਮੱਸੇ ਰੰਘੜ ਨੂੰ ਸੋਧਣ ਵਾਲੇ ਅੰਮਿ੍ਤਸਰ ਭੇਜਿਆ ਸੀ | ਇਹ ਦੋਵੇਂ ਨਿਹੰਗ ਸਿੰੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਵਾਪਸੀ 'ਤੇ ਨੇਜੇ ਉੱਪਰ ਟੰਗ ਕੇ ਹਨੂੰਮਾਨਗੜ੍ਹ ਟਾਊਨ ਵਿਖੇ ਕੁਝ ਸਮਾਂ ਠਹਿਰੇ ਸਨ | ਉਨ੍ਹਾਂ ਕਿਹਾ ਕਿ 10 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਦੀਵਾਨ ਸਜਾਏ ਜਾਣਗੇ ਤੇ ਧਾਰਮਿਕ ਦੀਵਾਨਾਂ ਵਿਚ ਤਖ਼ਤਾਂ ਦੇ ਸਿੰਘ ਸਾਹਿਬਾਨ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸੰਤ-ਮਹਾਂਪੁਰਸ਼, ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ | ਅੰਮਿ੍ਤ ਸੰਚਾਰ ਸਮਾਗਮ ਵੀ ਹੋਵੇਗਾ |