ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)-ਇਤਿਹਾਸਕ ਤੇ ਧਾਰਮਿਕ ਸਥਾਨ ਵਜੋਂ ਦੇਸ਼ ਵਿਦੇਸ਼ 'ਚ ਵੱਸਦੀਆਂ ਲੱਖਾਂ ਸੰਗਤਾਂ ਦੀ ਆਸਥਾ ਦੇ ਅਹਿਮ ਕੇਂਦਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੀ ਜੋਤ ਤੇ ਲੰਗਰਾਂ ਦੀ ਵਰਤੋਂ 'ਚ ਆਉਣ ਵਾਲਾ ਦੇਸੀ ਘਿਓ ਹੀ ਨਕਲੀ ਵਿੱਕ ਰਿਹਾ ਹੈ। ਇਥੇ ਗੁਰੁਦਆਰਾ ਸਾਹਿਬ ਦੇ ਬਾਹਰ ਦੁਕਾਨਦਾਰ ਤੇ ਰੇਹੜੀਆਂ-ਫੜੀਆਂ ਵਾਲੇ ਧੜਲੇ ਨਾਲ ਨਕਲੀ ਦੇਸੀ ਘਿਓ ਵੇਚ ਰਹੇ ਹਨ ਜਿਸ ਲਈ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਨੂੰ ਸੁਚੇਤ ਕਰਨ ਲਈ ਬੋਰਡ ਵੀ ਲਗਾਏ ਹੋਏ ਹਨ ਜਦੋਂ ਕਿ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਹੋਇਆ ਹੈ ਅਤੇ ਇਸ ਨਾਲ ਜਿਥੇ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਹੋ ਰਿਹਾ ਹੈ ਉਥੇ ਇਸ ਨਕਲੀ ਘਿਓ ਤੋਂ ਬਨਣ ਵਾਲੇ ਲੰਗਰ ਪ੍ਰਸਾਦਿ ਆਦਿ ਕਾਰਨ ਸ਼ਰਧਾਲੂਆਂ ਦੀ ਸਿਹਤ ਲਈ ਵੀ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
ਅਸਲ 'ਚ ਗੁਰਦੁਆਰਾ ਬਾਬਾ ਦੀਪ ਸਿੰਘ ਅੰਦਰ ਸ਼ਹੀਦਾਂ ਦੀ ਜੋਤ ਸਥਾਪਿਤ ਹੈ ਜਿਥੇ ਦੇਸੀ ਘਿਓ ਦੀ ਅਖੰਡ ਜੋਤ ਦਿਨ -ਰਾਤ ਨਿਰੰਤਰ ਪ੍ਰਕਾਸ਼ਮਾਨ ਹੁੰਦੀ ਹੈ। ਇਥੇ ਸ਼ਰਧਾਲੂਆਂ 'ਚ ਜੋਤ ਲਈ ਆਪਣੀ ਸਮਰਥਾ ਮੁਤਾਬਕ ਛੋਟੀ -ਵੱਡੀ ਡੱਬੀ ਜਾਂ ਪਲਾਸਟਿਕ ਲਿਫ਼ਾਫ਼ੇ 'ਚ ਘਿਓ ਖਰੀਦ ਕੇ ਚੜਾਇਆ ਜਾਂਦਾ ਹੈ ਅਤੇ ਜੋਤ ਲਈ ਘਿਓ ਇਥੇ ਅਨੇਕਾਂ ਹੀ ਰੇਹੜੀਆਂ ਫੜੀਆਂ ਤੇ ਦੁਕਾਨਦਾਰਾਂ ਵਲੋਂ ਵੇਚਿਆ ਜਾਂਦਾ ਹੈ। ਨਕਲੀ ਦੇਸੀ ਘਿਓ ਜੋ ਜੋਤ ਤੋਂ ਬਾਅਦ ਪ੍ਰਸ਼ਾਦ ਬਣਾਉਣ ਤੇ ਲੰਗਰ ਤਿਆਰ ਕਰਨ ਲਈ ਵੀ ਵਰਤਿਆ ਜਾਂਦਾ ਹੈ ਜਿਸ ਇਸ ਨਾਲ ਇਹ ਸ਼ਰਧਾਲੂਆਂ ਦੀ ਆਸਥਾ ਤੋਂ ਇਲਾਵਾ ਸਿਹਤ ਨਾਲ ਵੀ ਖਿਲਵਾੜ ਹੈ। ਦੂਜੇ ਪਾਸੇ ਇਸ ਵਰਤਾਰੇ ਤੋਂ ਸਿਹਤ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਬਣ ਕੇ ਅੱਖਾਂ ਮੀਟੀ ਬੈਠਾ ਹੈ। ਇਸ ਸੰਬੰਧੀ ਮੈਨੇਜ਼ਰ ਗੁਰੁਦਆਰਾ ਸ਼ਹੀਦ ਗੰਜ ਸਾਹਿਬ ਸ: ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਥੇ ਆਸ-ਪਾਸ ਵੱਡੀ ਤਾਦਾਦ 'ਚ ਦੇਸੀ ਘਿਓ ਨਕਲੀ ਵਿੱਕ ਰਿਹਾ ਹੈ। ਜਿਸ ਸੰਬੰਧੀ ਲੋਕਾਂ ਨੂੰ ਸੁਚੇਤ ਕਰਨ ਲਈ ਸੂਚਨਾ ਬੋਰਡ ਵੀ ਲਗਾਏ ਗਏ ਹਨ ਅਤੇ ਹੁਣ ਸੰਗਤਾਂ ਨੂੰ ਬਕਾਇਦਾ ਅਨਾਊਸਮੈਂਟ ਕਰਕੇ ਵੀ ਸੂਚਿਤ ਕੀਤਾ ਜਾ ਰਿਹਾ ਹੈ। ਪਰ ਇਹ ਵਰਤਾਰਾ ਹਾਲੇ ਤੱਕ ਕਾਇਮ ਹੈ ਅਤੇ ਕਾਫੀ ਤਾਦਾਦ 'ਚ ਨਕਲੀ ਦੇਸੀ ਘਿਓ ਰੋਜ਼ਾਨਾ ਆ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਘਰ ਦਾ ਸ਼ੁੱਧ ਜਾਂ ਕਿਸੇ ਬਰਾਂਡ ਦਾ ਹੀ ਦੇਸੀ ਘਿਓ ਭੇਟ ਕਰਨ। ਦੂਜੇ ਪਾਸੇ ਨਕਲੀ ਦੇਸੀ ਘਿਓ ਦੇ ਗੁਰੁਦਆਰਾ ਸਾਹਿਬ ਦੇ ਅੰਦਰ ਤੇ ਬਾਹਰ ਬੋਰਡ ਲਗੇ ਹੋਣ ਸੰਬੰਧੀ ਜਦੋਂ ਡੀ. ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਜੇਕਰ ਕੋਈ ਸ਼ਿਕਾਇਤ ਮਿਲੇਗੀ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।
ਲੱਖਾਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ
ਅਜੀਤ ਡੈਸਕ
22-09-2025