09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਟਾਊਨ ਹਾਲ ਦੀ ਡੇਢ ਸਦੀ ਪੁਰਾਣੀ ਇਮਾਰਤ ਦਾ ਮੁੱਖ ਹਿੱਸਾ ਸਟੋਰ 'ਚ ਤਬਦੀਲ

Ad Position 21
No active advertisement
ਅਜੀਤ ਡੈਸਕ 23-09-2025

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦੀ ਹਵੇਲੀ ਨੂੰ ਜ਼ਮੀਨਦੋਜ਼ ਕਰਕੇ ਉਸ ਦੇ ਸਥਾਨ 'ਤੇ ਸੰਨ 1864 'ਚ ਉਸਾਰੇ ਗਏ ਟਾਊਨ ਹਾਲ ਦੀ ਇਤਿਹਾਸਕ ਇਮਾਰਤ ਦੇ ਵਿਰਾਸਤੀ ਮਾਰਗ ਵਲ ਦੇ ਮੁੱਖ ਹਿੱਸੇ ਨੂੰ ਕਬਾੜ ਰੱਖਣ ਲਈ ਸਟੋਰ ਵਜੋਂ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਇਸ ਕਾਰਨ ਜਿੱਥੇ ਇਸ ਸਮਾਰਕ ਦੀ ਖ਼ੂਬਸੂਰਤੀ ਨੂੰ ਵੱਡੀ ਢਾਹ ਲੱਗ ਰਹੀ ਹੈ, ਉੱਥੇ ਹੀ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਟਾਊਨ ਹਾਲ ਦੀ ਨੁਹਾਰ ਅਤੇ ਪਹਿਚਾਣ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਟਾਊਨ ਹਾਲ ਦੀ ਜਿਸ ਇਮਾਰਤ 'ਚ ਅੰਗਰੇਜ਼ੀ ਸ਼ਾਸਨ ਮੌਕੇ ਜਲ੍ਹਿਆਂਵਾਲਾ ਬਾਗ ਸਾਕੇ ਤੇ ਕਰਾਲਿੰਗ ਆਰਡਰ ਆਦਿ ਲਈ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਸਜ਼ਾਵਾਂ ਸਮੇਤ ਕਈ ਨਾਦਰਸ਼ਾਹੀ ਫ਼ਰਮਾਨ ਜਾਰੀ ਹੁੰਦੇ ਰਹੇ, ਹੁਣ ਉਸੇ ਜਗ੍ਹਾ 'ਤੇ ਵੰਨ-ਸੁਵੰਨੀਆਂ ਸਬਜ਼ੀਆਂ ਨੂੰ ਤੜਕੇ ਲੱਗ ਰਹੇ ਹਨ। ਇੱਥੇ ਖਾਣ-ਪੀਣ ਦੇ ਦੇਸ਼ ਦੇ ਨਾਮਵਰ ਅਤੇ ਮਹਿੰਗੇ ਬਰਾਂਡਾ ਦੇ ਫੂਡ ਆਊਟਲੈੱਟ ਖੁੱਲ੍ਹ ਚੁਕੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਣੀ ਸਦਾ ਕੌਰ ਦੀ ਹਵੇਲੀ ਢਾਹ ਕੇ ਸ਼ਹਿਰ ਦੀ ਟਾਊਨ ਕਮੇਟੀ ਵਲੋਂ ਡੇਢ ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਟਾਊਨ ਹਾਲ ਦੀ ਮੌਜੂਦਾ ਇਮਾਰਤ ਉਸਾਰੀ ਗਈ ਇਸ ਦਾ ਡਿਜ਼ਾਈਨ ਮਿਸਤਰੀ ਭਾਈ ਰਾਮ ਸਿੰਘ ਨੇ ਤਿਆਰ ਕੀਤਾ। ਅਸਲ 'ਚ ਪਹਿਲਾਂ ਇਹ ਸ. ਜੈ ਸਿੰਘ ਕਨ੍ਹਈਆ ਦੀ ਹਵੇਲੀ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਸ 'ਚ ਉਨ੍ਹਾਂ ਦੇ ਪੁੱਤਰ ਸ: ਗੁਰਬਖ਼ਸ਼ ਸਿੰਘ ਦੀ ਵਿਧਵਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਂ ਰਾਣੀ ਸਦਾ ਕੌਰ ਨੇ ਰਿਹਾਇਸ਼ ਰੱਖੀ ਅਤੇ ਸੰਨ 1832 ਦੇ ਅੰਤ 'ਚ ਇਸੇ ਹਵੇਲੀ 'ਚ ਰਾਣੀ ਦਾ ਦੇਹਾਂਤ ਹੋਇਆ। ਬਾਅਦ 'ਚ ਇੱਥੇ ਮਿਊਂਸੀਪਲ ਕਮੇਟੀ ਦਾ ਦਫ਼ਤਰ, ਕੋਤਵਾਲੀ, ਰਾਮਗੜ੍ਹੀਆ ਸਕੂਲ, ਮੋਤੀ ਲਾਲ ਨਹਿਰੂ ਲਾਇਬ੍ਰੇਰੀ ਆਦਿ ਕਾਇਮ ਕੀਤੇ ਗਏ। ਸਮਾਜਿਕ ਕਾਰਕੁਨ ਨਰੇਸ਼ ਜੌਹਰ ਦਾ ਕਹਿਣਾ ਹੈ ਕਿ ਟਾਊਨ ਹਾਲ ਦੇ ਵਿਰਾਸਤੀ ਮਾਰਗ ਵਲ ਦੇ ਹਿੱਸੇ ਦੇ ਅੱਗੋਂ ਲੰਘ ਕੇ ਹਜ਼ਾਰਾਂ ਸੈਲਾਨੀ ਅਤੇ ਯਾਤਰੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਟ ਕਰਨ ਜਾਂਦੇ ਹਨ। ਇਸ ਲਈ ਟਾਊਨ ਹਾਲ ਦੀ ਇਹ ਦੁਰਦਸ਼ਾ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗ ਨੂੰ ਸ਼ਰਮਸਾਰ ਕਰ ਰਹੀ ਹੈ। ਇਸ ਸਮਾਰਕ ਦੀ ਹਾਲਤ 'ਚ ਜਲਦੀ ਸੁਧਾਰ ਕੀਤਾ ਜਾਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਕੰਡਿਆਲੀ ਤਾਰ ਤੋਂ ਅੱਗੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਬੀ.ਐੱਸ.ਐੱਫ. ਦੇ ਡੀ.ਜੀ.ਪੀ. ਨੂੰ ਦਿੱਤਾ ਮੰਗ ਪੱਤਰ-ਡਾਇਰ... ਅਗਲੀ ਖ਼ਬਰ ਬੱਚਿਆਂ ਵਿਚ ਅਲਰਜੀ ਦੇ ਵੱਖ-ਵੱਖ ਲੱਛਣ ਹੋ ਸਕਦੇ- ਡਾ. ਸੁਪਿ੍ਯਾ <br/>
Ad Position 24