10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

27 ਨੂੰ ਦੁਨੀਆ ਭਰ 'ਚ ਮਨਾਇਆ ਜਾ ਰਿਹਾ 'ਵਿਸ਼ਵ ਸੈਰ ਸਪਾਟਾ' ਦਿਵਸ

Ad Position 21
No active advertisement
ਬੰਦ ਪਿਆ ਅੰਮਿ੍ਤਸਰ ਵਿਰਾਸਤੀ ਮਿਊਜ਼ੀਅਮ | ਤਸਵੀਰ : ਨਿਰਮਲ ਸਟੂਡੀਓ
ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਦੇ ਬਾਹਰ ਛਾਈ ਵੀਰਾਨਗੀ ਦਾ ਦਿ੍ਸ਼ | ਤਸਵੀਰ : ਨਿਰਮਲ ਸਟੂਡੀਓ
26-09-2025
ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)-ਦੁਨੀਆ ਭਰ 'ਚ 27 ਸਤੰਬਰ ਨੂੰ 'ਵਿਸ਼ਵ ਸੈਰ ਸਪਾਟਾ' ਦਿਵਸ ਮਨਾਇਆ ਜਾ ਰਿਹਾ ਹੈ | ਅੰਮਿ੍ਤਸਰ 'ਚ ਵਿਰਾਸਤ ਨਾਲ ਜੁੜੀਆਂ ਜਥੇਬੰਦੀਆਂ ਅਤੇ ਵਿਰਾਸਤ ਪ੍ਰੇਮੀਆਂ ਵਲੋਂ ਆਪਣੇ ਪੱਧਰ 'ਤੇ ਇਹ ਵਿਸ਼ੇਸ਼ ਦਿਨ ਸਮਾਰਕਾਂ ਦੀ ਯਾਤਰਾ ਕਰਕੇ ਅਤੇ ਉਨ੍ਹਾਂ ਦੇ ਰੱਖ-ਰਖਾਅ ਦਾ ਸੁਨੇਹਾ ਦੇ ਕੇ ਮਨਾਇਆ ਜਾ ਰਿਹਾ ਹੈ | ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੂਆਂ ਦੀ ਅੰਮਿ੍ਤਸਰ ਪਹਿਲੀ ਪਸੰਦ ਹੋਣ ਦੇ ਬਾਵਜੂਦ ਇੱਥੇ ਆਉਣ ਵਾਲੇ ਵਧੇਰੇਤਰ ਸੈਲਾਨੀ ਅਤੇ ਸ਼ਰਧਾਲੂ ਇਕ ਜਾਂ ਦੋ ਦਿਨਾਂ ਤੋਂ ਵਧੇਰੇ ਨਹੀਂ ਟਿਕਦੇ ਹਨ | ਅੰਮਿ੍ਤਸਰ ਨਿਵਾਸ ਦੌਰਾਨ ਵਧੇਰੇਤਰ ਸੈਲਾਨੀਆਂ ਦੀ ਪਹਿਲੀ ਪਸੰਦ ਸ੍ਰੀ ਦਰਬਾਰ ਸਾਹਿਬ, ਉਸ ਦੇ ਬਾਅਦ ਜਲਿ੍ਹਆਂਵਾਲਾ ਬਾਗ ਜਾਂ ਦੁਰਗਿਆਣਾ ਮੰਦਰ ਅਤੇ ਫਿਰ ਅਟਾਰੀ-ਵਾਹਗਾ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਰਿਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ) ਰਹਿੰਦੀ ਹੈ | ਜਿਸ ਕਾਰਨ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰ ਦੀਆਂ ਵੱਖ-ਵੱਖ ਰਿਵਾਇਤੀ ਵਸਤੂਆਂ ਦੀਆਂ ਮਾਰਕੀਟਾਂ ਜਾਂ ਕੱਪੜਿਆਂ, ਗਹਿਣਿਆਂ ਅਤੇ ਹੋਰਨਾਂ ਖਾਣ-ਪੀਣ ਦੀਆਂ ਦੁਕਾਨਾਂ ਜਾਂ ਵਿਰਾਸਤੀ ਸਮਾਰਕਾਂ ਦੇ ਪ੍ਰਬੰਧਕਾਂ ਨੂੰ ਸੈਲਾਨੀਆਂ ਦੀ ਆਮਦ ਦਾ ਬਹੁਤਾ ਲਾਭ ਨਹੀਂ ਪਹੁੰਚ ਰਿਹਾ ਹੈ | ਟੂਰਿਜ਼ਮ ਮੰਤਰਾਲੇ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ ਤੋਂ ਅੰਮਿ੍ਤਸਰ ਪਧਾਰਨ ਵਾਲੇ ਯਾਤਰੂਆਂ ਦੀ ਗਿਣਤੀ 'ਚ ਹਰ ਸਾਲ ਭਾਰੀ ਵਾਧਾ ਹੋ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਅੰਮਿ੍ਤਸਰ 'ਚ ਗੁਰਪੁਰਬ ਜਾਂ ਹੋਰਨਾ ਧਾਰਮਿਕ ਦਿਹਾੜਿਆਂ ਤੋਂ ਇਲਾਵਾ ਰੋਜ਼ਾਨਾ ਇਕ ਲੱਖ ਤੋਂ ਵਧੇਰੇ ਯਾਤਰੂ ਪਹੁੰਚ ਰਹੇ ਹਨ ਅਤੇ ਇਨ੍ਹਾਂ 'ਚੋਂ ਵੱਡੀ ਗਿਣਤੀ 'ਚ ਅਟਾਰੀ-ਵਾਹਗਾ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਰਿਟਰੀਟ ਸੈਰਾਮਨੀ 'ਚ ਸ਼ਾਮਿਲ ਹੁੰਦੇ ਹਨ | ਅੰਮਿ੍ਤਸਰ ਵਿਖੇ ਉਕਤ ਤੋਂ ਇਲਾਵਾ ਸੈਲਾਨੀਆਂ ਦੀ ਹੋਰਨਾਂ ਸਮਾਰਕਾਂ ਵਲ ਖਿੱਚ ਪੈਦਾ ਨਾ ਹੋਣ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਧਾਰਮਿਕ ਅਤੇ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਅੰਮਿ੍ਤਸਰ ਸ਼ਹਿਰ ਦੇ ਸਮਾਰਕ ਲੰਬੇ ਸਮੇਂ ਤੋਂ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗਾਂ ਦੀ ਅਣਦੇਖੀ ਦਾ ਸੰਤਾਪ ਹੰਢਾ ਰਹੇ ਹਨ | ਜਿੱਥੇ ਕਿਲ੍ਹਾ ਗੋਬਿੰਦਗੜ੍ਹ, ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ ਅਤੇ ਸਾਡਾ ਪਿੰਡ ਆਦਿ ਵਿਖੇ ਸੈਲਾਨੀਆਂ ਤੇ ਸਥਾਨਕ ਨਾਗਰਿਕਾਂ ਨੂੰ ਮਹਿੰਗੀਆਂ ਟਿਕਟਾਂ ਖ਼ਰਚ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਉੱਥੇ ਬਹੁਤੀਆਂ ਰੌਣਕਾਂ ਨਹੀਂ ਜੁੜ ਰਹੀਆਂ | ਉੱਥੇ ਹੀ ਗੋਲਡਨ ਟੈਂਪਲ ਪਲਾਜ਼ਾ (ਗੋਲਡਨ ਟੈਂਪਲ ਵਿਆਖਿਆ ਕੇਂਦਰ), ਅੰਮਿ੍ਤਸਰ ਵਿਰਾਸਤੀ ਮਿਊਜ਼ੀਅਮ ਯਾਤਰੂਆਂ ਲਈ ਬਿਲਕੁਲ ਫ਼੍ਰੀ ਅਤੇ ਪਾਰਟੀਸ਼ਨ ਮਿਊਜ਼ੀਅਮ, ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਆਦਿ ਦੀ ਟਿਕਟ ਬਿਲਕੁਲ ਘੱਟ ਹੋਣ ਦੇ ਬਾਵਜੂਦ ਪ੍ਰਚਾਰ ਦੀ ਘਾਟ ਕਾਰਨ ਉੱਥੇ ਬਹੁਤ ਘੱਟ ਲੋਕ ਪਹੁੰਚ ਰਹੇ ਹਨ | ਦੂਜੇ ਪਾਸੇ, ਪੁਲਿਸ ਮਿਊਜ਼ੀਅਮ, 40 ਖੂਹ ਰੋਜ਼ ਗਾਰਡਨ ਅਤੇ ਬਿਜਲੀ ਸਪਲਾਈ ਪਲਾਟ ਪਿਕਨਿਕ ਸਪਾਟ ਦੀ ਨਵਉਸਾਰੀ ਕਥਿਤ ਤੌਰ 'ਤੇ ਮੁਕੰਮਲ ਤਾਂ ਕੀਤੀ ਗਈ, ਪਰ ਇਨ੍ਹਾਂ 'ਚੋਂ ਵਧੇਰੇਤਰ ਦੇ ਅਜੇ ਤਕ ਬੰਦ ਰਹਿਣ ਕਰਕੇ ਇਹ ਸਮਾਰਕ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕੇ ਹਨ | ਉੱਥੇ ਹੀ ਬਾਗ ਰਾਜਾ ਰੁਲੀਆ ਰਾਮ, ਬੁੰਗਾ ਰਾਮਗੜ੍ਹੀਆ, ਤਲਾਬ ਸਮਦ-ਜੂ ਕਸ਼ਮੀਰੀ, ਤਲਾਬ ਸੁਖਦਿਆਲ, ਗਣੇਸ਼ ਦਾਸ ਦੀ ਛਤਰੀ, ਸਕੱਤਰੀ ਬਾਗ ਆਦਿ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ ਦੇ ਪਿੰਡ ਧਨੋਏ ਕਲਾਂ ਦੇ ਪਾਸ ਮਾਧੋਪੁਰ ਵਲੋਂ ਲਾਹੌਰ ਨੂੰ ਜਾਂਦੀ ਨਹਿਰ 'ਤੇ ਬਣਵਾਈ ਆਲੀਸ਼ਾਨ ਬਾਰਾਂਦਰੀ ਦੀ ਵੀ ਅਜੇ ਤਕ ਕੋਈ ਸੁੱਧ ਨਹੀਂ ਲਈ ਗਈ ਹੈ | ਮੌਜੂਦਾ ਸਮੇਂ ਉਕਤ ਬਾਰਾਂਦਰੀ ਦਾ ਭਵਿੱਖ ਖ਼ਤਰੇ 'ਚ ਹੈ ਅਤੇ ਖੰਡਰ ਦਾ ਰੂਪ ਲੈ ਚੁੱਕਿਆ ਇਹ ਵਿਰਾਸਤੀ ਸਮਾਰਕ ਕਦੇ ਵੀ ਢਹਿ ਸਕਦਾ ਹੈ | ਅੰਮਿ੍ਤਸਰ ਵਿਖੇ ਯਾਤਰੂਆਂ ਨੂੰ ਵਧੇਰੇ ਸਮੇਂ ਤਕ ਰੋਕਣ ਲਈ ਸੰਬੰਧਿਤ ਵਿਭਾਗ ਨੂੰ ਸ਼ਹਿਰ ਦੇ 150 ਤੋਂ ਵਧੇਰੇ ਹੋਰਨਾਂ ਸਮਾਰਕਾਂ ਦੇ ਰੱਖ-ਰਖਾਅ ਅਤੇ ਉਨ੍ਹਾਂ ਦੇ ਪ੍ਰਚਾਰ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਸ਼ਹਿਰਵਾਸੀ ਤੇ ਕਾਰੋਬਾਰੀ ਟੂਰਿਜ਼ਮ ਇੰਡਸਟਰੀ ਦਾ ਲਾਹਾ ਲੈ ਸਕਣ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਜਾਣ ਲਈ ਨੌਜਵਾਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ 'ਆਸਟ੍ਰੇਲੀਆ'-ਗੈਵੀ ਕਲੇਰ
ਅਗਲੀ ਖ਼ਬਰ ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਦੀ ਸ਼ੁਰੂਆਤ

Ad Position 24