ਅੰਮਿ੍ਤਸਰ, 26 ਸਤੰਬਰ (ਹਰਮਿੰਦਰ ਸਿੰਘ)-ਕਾਂਗਰਸੀ ਕੌਂਸਲਰਾਂ ਦਾ ਇਕ ਵਫ਼ਦ ਕੌਂਸਲਰ ਵਿਕਾਸ ਸੋਨੀ ਦੀ ਅਗਵਾਈ 'ਚ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ | ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ | ਇਸ ਮੀਟਿੰਗ ਦੌਰਾਨ ਵਿਕਾਸ ਸੋਨੀ ਨੇ ਕਿਹਾ ਕਿ ਨਗਰ ਨਿਗਮ ਦੇ ਹਾਊਸ ਦੀ ਬੈਠਕ ਨੂੰ ਹੋਇਆ ਛੇ ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਹੈ | ਜਦੋਂ ਕਿ ਨਿਗਮ ਦੇ ਹਾਊਸ ਦੀ ਬੈਠਕ ਹਰ ਮਹੀਨੇ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਨਿਗਮ ਦੇ ਹਾਊਸ ਦੀ ਬੈਠਕ ਨਾ ਹੋਣ ਕਰਕੇ ਕੌਂਸਲਰਾਂ ਦੀਆਂ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੋਈ ਵੀ ਸੁਣਨ ਵਾਲਾ ਨਹੀਂ ਜਿਸ ਕਾਰਨ ਸ਼ਹਿਰ ਵਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੀਟਿੰਗ ਉਪਰੰਤ ਵਿਕਾਸ ਸੋਨੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਗਮ ਕਮਿਸ਼ਨਰ ਨੇ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਕੌਂਸਲਰ ਰਸ਼ਪਾਲ ਸਿੰਘ, ਗੁਰਦੇਵ ਸਿੰਘ ਦਾਰਾ, ਕੁਲਦੀਪ ਸਿੰਘ, ਰਮਨ ਰੰਮੀ, ਸੰਜੀਵ ਟਾਂਗਰੀ, ਕਮਲ ਪਹਿਲਵਾਨ, ਮਹੇਸ਼ ਖੰਨਾ, ਪਰਮਜੀਤ ਸਿੰਘ ਚੋਪੜਾ, ਪੀ. ਏ. ਅਮਨ ਵੇਰਕਾ ਅਤੇ ਸੱਤੀ ਪਹਿਲਵਾਨ ਹਾਜ਼ਰ ਸਨ |