ਅੰਮਿ੍ਤਸਰ, 26 ਸਤੰਬਰ (ਰੇਸ਼ਮ ਸਿੰਘ)-ਭਾਰਤ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ਹੜ੍ਹ ਪੀੜਤਾਂ ਦੇ ਜਾਨੀ-ਮਾਲੀ, ਫ਼ਸਲਾਂ ਤੇ ਹੋਰ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਤੋਂ ਅਸਫਲ ਰਹਿਣ 'ਤੇ ਸੂਬੇ ਦੇ ਹੜ੍ਹ ਪੀੜਿਤਾਂ ਦੀ ਹੋਈ ਦੁਰਦਸ਼ਾ ਬਾਰੇ ਕੇਂਦਰ ਤੇ ਸੂਬਾ ਸਰਕਾਰ ਨੂੰ ਪ੍ਰਸ਼ਾਸਨਿਕ ਮਸ਼ੀਨਰੀ ਵਲੋਂ ਅਪਣਾਈ ਜਾ ਰਹੀ ਅਣਗਹਿਲੀ ਖਿਲਾਫ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ | ਜਿਸ ਵਿਚ ਜ਼ਿਲ੍ਹੇ ਭਰ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਪਾਰਟੀ ਦੇ ਆਗੂ, ਕਾਰਕੁੰਨ, ਨੌਜਵਾਨ ਤੇ ਹੋਰ ਮਿਹਨਤਕਸ਼ ਲੋਕ ਪਾਰਟੀ ਸ਼ਾਮਿਲ ਹੋਏ | ਇਸ ਮੌਕੇ ਹਾਜ਼ਰੀਨ ਆਗੂਆਂ 'ਚ ਹਰਪ੍ਰੀਤ ਸਿੰਘ ਬੁਟਾਰੀ, ਕੁਲਵੰਤ ਸਿੰਘ ਮੱਲੂਨੰਗਲ, ਜਗਤਾਰ ਸਿੰਘ ਕਰਮਪੁਰਾ ਤੇ ਮੁਖਤਿਆਰ ਸਿੰਘ ਮੁਹਾਵਾ ਆਦਿ ਬੁਲਾਰਿਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਕੇਂਦਰ ਸਰਕਾਰ ਸੂਬੇ ਦੇ ਹੜ੍ਹ ਪੀੜਤਾਂ ਦੇ ਵੱਡੇ ਪੱਧਰ 'ਤੇ ਹੋਏ ਨੁਕਸਾਨ ਦੀ ਪੂਰਤੀ ਅਤੇ ਉਨ੍ਹਾਂ ਦੇ ਮੁੜ ਵਸੇਬੇ ਅਤੇ ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ 'ਤੇ ਖੜਾ ਕਰਨ ਲਈ ਪੰਜਾਬ ਨੂੰ ਘੱਟੋ-ਘੱਟ 40 ਹਜ਼ਾਰ ਕਰੋੜ ਰੁਪਏ ਅੰਤਿਮ ਰਾਹਤ ਵਜੋਂ ਦਿੱਤੇ ਜਾਣ ਅਤੇ ਸੂਬਾ ਸਰਕਾਰ ਵੀ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਆਪਣਾ ਵੱਡਾ ਯੋਗਦਾਨ ਪਾਵੇ | ਇਸ ਮੌਕੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਹੋਣਾ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਹੀਂ, ਕੇਂਦਰ ਤੇ ਪੰਜਾਬ ਸਰਕਾਰ ਦੇ ਡੈਮਾਂ ਨੂੰ ਕੰਟਰੋਲ ਕਰਨ ਵਾਲੇ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਅਤੇ ਪੰਜਾਬ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦੇ ਰਹੇ ਗ਼ੈਰ ਕਾਨੂੰਨੀ ਖਨਣ ਤੇ ਵਣਾਂ ਦੀ ਕਟਾਈ ਕਰਕੇ ਵੀ ਭਾਰੀ ਤਬਾਹੀ ਹੋਈ ਹੈ | ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਅਮਰੀਕ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ ਤੇ ਪਾਰਟੀ ਆਗੂ ਸੁਰਜੀਤ ਸਿੰਘ ਦੁਧਰਾਏ ਨੇ ਮੰਗ ਕੀਤੀ ਕਿ ਭਾਰੀ ਮੀਹਾਂ ਤੇ ਹੜ੍ਹਾਂ ਨਾਲ ਪੂਰੀ ਤਰ੍ਹਾਂ ਢਹਿ ਢੇਰੀ ਹੋਏ ਮਕਾਨਾਂ 'ਤੇ ਨੁਕਸਾਨੇ ਗਏ ਮਕਾਨਾਂ ਦੀ ਉਸਾਰੀ ਲਈ ਘੱਟੋ ਘੱਟ 10 ਲੱਖ ਰੁਪਏ ਪ੍ਰਤੀ ਮਕਾਨ ਦਿੱਤੇ ਜਾਣ | ਇਸ ਮੌਕੇ ਗੁਰਮੇਜ ਸਿੰਘ ਤਿੰਮੋਵਾਲ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬਲਦੇਵ ਸਿੰਘ ਸੈਦਪੁਰ, ਕੁਲਵੰਤ ਸਿੰਘ ਮੱਲੂਨੰਗਲ, ਹਰਭਜਨ ਸਿੰਘ ਟਰਪਈ, ਗੁਰਨਾਮ ਸਿੰਘ ਭਿੰਡਰ, ਟਹਿਲ ਸਿੰਘ ਚੇਤਨਪੁਰਾ, ਮਾਨ ਸਿੰਘ ਮੁਹਾਵਾ, ਪਲਵਿੰਦਰ ਸਿੰਘ ਮਹਿਸਮਪੁਰ , ਮੰਗਲ ਸਿੰਘ ਟਾਂਡਾ, ਸਰਬਜੀਤ ਸਿੰਘ ਭਿੰਡਰ, ਵਿਰਸਾ ਸਿੰਘ ਪਟਿਆਲਾ, ਪ੍ਰੋ. ਮਾਲਕ ਸਿੰਘ ਗੁਰਾਲਾ, ਸੁਖਦੇਵ ਸਿੰਘ ਕੱਕੜ, ਜੱਗਾ ਸਿੰਘ ਡੱਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਪਲਵਿੰਦਰ ਸਿੰਘ ਝੁਬਾਲ ਤੇ ਦੇਸਾ ਸਿੰਘ ਭਿੰਡੀ ਔਲਖ ਆਦਿ ਨੇ ਵੀ ਸ਼ਮੂਲੀਅਤ ਕੀਤੀ |