ਅੰਮਿ੍ਤਸਰ, 2 ਨਵੰਬਰ (ਗਗਨਦੀਪ ਸ਼ਰਮਾ)-ਸੇਂਟ ਫਰਾਂਸਿਸ ਸਕੂਲ ਦਾ ਸਾਲਾਨਾ ਸਮਾਰੋਹ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਯੋਗ ਅਗਵਾਈ ਹੇਠ ਉਤਸ਼ਾਹ ਭਰੇ ਮਾਹੌਲ 'ਚ ਸੰਪੰਨ ਹੋਇਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਜੋਸ ਸਬੈਸੀਟਨ (ਬਿਸ਼ਪ, ਡਾਇਸਿਸ ਜਲੰਧਰ) ਅਤੇ ਸਨਮਾਨਿਤ ਮਹਿਮਾਨ ਮੇਜਰ ਜਨਰਲ ਕਾਰਥਿਕ ਸੀ. ਸ਼ੇਸਾਧਰੀ ਸਨ, ਜਿਨ੍ਹਾਂ ਦਾ ਗੁਲਦਸਤਿਆਂ ਨਾਲ ਅਤੇ ਸਕੂਲ ਦੇ ਬੈਂਡ ਗਰੁੱਪ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮਾਰੋਹ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਅਤੇ ਭਾਵਪੂਰਨ ਪ੍ਰਾਰਥਨਾ ਗੀਤ ਨਾਲ ਹੋਈ | ਸਕੂਲ ਦੇ ਪਿ੍ੰਸੀਪਲ ਸਿਸਟਰ ਸੁਜ਼ਾਈ ਮੈਰੀ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਜਿੱਥੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਨਵੀਨਤਾਵਾਂ ਬਾਰੇ ਚਾਨਣਾ ਪਾਇਆ, ਉੱਥੇ ਭਵਿੱਖ ਦੇ ਟੀਚਿਆਂ ਨੂੰ ਵੀ ਉਜਾਗਰ ਕੀਤਾ | ਉਪਰੰਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ ਸਕੂਲ ਦੀਆਂ ਕਦਰਾਂ-ਕੀਮਤਾਂ ਅਤੇ ਉੱਤਮਤਾ ਦੇ ਪਾਲਣ ਦੇ ਦਿ੍ਸ਼ਟੀਕੋਣ ਨੂੰ ਦਰਸਾਉਂਦੀ 'ਜੜਾਂ ਨੂੰ ਉੱਗਣ ਦਿਓ ਅਤੇ ਖੰਭਾਂ ਨੂੰ ਉੱਡਣ ਦਿਓ' ਥੀਮ 'ਤੇ ਆਧਾਰਿਤ ਸੀ | ਇਸ ਮੌਕੇ ਸ਼ਾਨਦਾਰ ਯੂ. ਵੀ. ਸ਼ੋਅ ਨੇ ਦਰਸ਼ਕਾਂ ਦਾ ਮਨ ਮੋਹ ਲਿਆ |