ਅੰਮਿ੍ਤਸਰ, 22 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ, ਸ਼ਰੀਰਕ ਸਿੱਖਿਆ ਵਿਭਾਗ ਅਤੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਨੇ ਸਾਂਝੇ ਤੌਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ | ''ਹਿੰਦ ਦੀ ਚਾਦਰ'' ਮਹਾਨ ਗੁਰੂ ਸਾਹਿਬ ਦੀ ਇਸ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਮਾਗਮ 'ਚ ਮਨੁੱਖਤਾ, ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀਤੀ ਗਈ ਸ਼ਹਾਦਤ ਨੂੰ ਨਮਨ ਕੀਤਾ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀਤੀ ਗਈ ਸ਼ਹਾਦਤ ਨੂੰ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਲੀਦਾਨ ਦੱਸਿਆ | ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਤੇ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. (ਡਾ.) ਪਲਵਿੰਦਰ ਸਿੰਘ ਵਲੋਂ ਸਵਾਗਤ ਭਾਸ਼ਨ ਨਾਲ ਹੋਈ | ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰ: ਪ੍ਰੋ. (ਡਾ.) ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸਕ ਪਿਛੋਕੜ ਅਤੇ ਉਸ ਵਿਚੋਂ ਮਿਲਣ ਵਾਲੇ ਸਦੀਵੀ ਸਬਕਾਂ 'ਤੇ ਚਾਨਣਾ ਪਾਇਆ | ਡਾ. ਕੰਵਲਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਵਿਭਾਗ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਸਾਹਿਬ ਦੀ ਬਾਣੀ ਦੀ ਸਾਹਿਤਕ ਤੇ ਆਧਿਆਤਮਿਕ ਡੂੰਘਾਈ 'ਤੇ ਚਰਚਾ ਕੀਤੀ | ਸਮਾਗਮ ਦਾ ਸਮਾਪਨ ਡਾ. ਤੇਜਵੰਤ ਸਿੰਘ ਕੰਗ ਵਲੋਂ ਧੰਨਵਾਦ ਭਾਸ਼ਨ ਨਾਲ ਹੋਇਆ | ਉਨ੍ਹਾਂ ਯੂਨੀਵਰਸਿਟੀ ਵਲੋਂ ਸਿੱਖ ਗੁਰੂਆਂ ਦੀ ਵਿਰਾਸਤ ਨੂੰ ਸੰਭਾਲਣ ਤੇ ਪ੍ਰਚਾਰਨ ਦੇ ਸੰਕਲਪ ਨੂੰ ਦੁਹਰਾਇਆ |