ਅੰਮਿ੍ਤਸਰ, 23 ਨਵੰਬਰ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਵਰਕਰਾਂ ਦੀ ਸੂਬਾ ਕਮੇਟੀ ਵਲੋਂ ਮਾਨ ਸਰਕਾਰ ਦੀਆਂ ਵਿਰੋਧੀਆਂ ਨੀਤੀਆਂ ਦੇ ਚਲਦਿਆਂ ਤਿੰਨ ਰੋਜ਼ਾ ਸੂਬਾ ਪੱਧਰੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ 8-9-10 ਦਸੰਬਰ ਨੂੰ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦੇ ਚੱਕੇ ਮੁੜ ਜਾਮ ਹੋਣਗੇ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ (25/11) ਦੇ ਸੂਬਾ ਜਵਾਇੰਟ ਸਕੱਤਰ ਜੋਧ ਸਿੰਘ, ਸੂਬਾ ਕੈਸ਼ੀਅਰ ਬਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 19 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਬੇਸਿੱਟਾ ਰਹਿਣ 'ਤੇ ਇਕ ਵਾਰ ਫਿਰ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਅਤੇ ਸੂਬਾ ਕਮੇਟੀ ਨੂੰ ਮੁੜ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਅਗਲੇ ਦਿਨਾਂ ਲਈ ਉਲੀਕੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8-9-10 ਦਸੰਬਰ ਨੂੰ ਤਿੰਨ ਰੋਜ਼ਾ ਹੜਤਾਲ ਤਹਿਤ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦੇ ਚੱਕੇ ਜਾਮ ਰਹਿਣਗੇ ਅਤੇ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਪੀ. ਆਰ. ਟੀ. ਸੀ ਦੇ ਚੇਅਰਮੈਨ ਦੀ ਰਿਹਾਇਸ਼ 'ਤੇ ਪੱਕਾ ਧਰਨਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਜੇਕਰ 28 ਨਵੰਬਰ ਨੂੰ ਕਿੱਲੋਮੀਟਰ ਸਕੀਮ ਦਾ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਗੇਟ ਰੈਲੀਆਂ ਕਰਕੇ ਸੂਬੇ ਭਰ 'ਚ ਸਰਕਾਰੀ ਬੱਸਾਂ ਦੀਆਂ ਬਰੇਕਾਂ ਲਗਾ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਯੂਨੀਅਨ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ ਕਰਕੇ ਨਾ ਕੇਵਲ ਵਰਕਰਾਂ ਨੂੰ , ਬਲਕਿ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ 'ਚ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਹੜਤਾਲ ਕਰਨ ਦੇ ਹੱਕ 'ਚ ਨਹੀਂ, ਪਰ ਸਰਕਾਰ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ, ਜਿਸਦਾ ਖਮਿਆਜਾ ਹੜਤਾਲ ਦੌਰਾਨ ਸਰਕਾਰੀ ਬੱਸਾਂ ਬੰਦ ਰਹਿਣ 'ਤੇ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਕੇ ਭੁਗਤਣਾ ਪੈਂਦਾ ਹੈ |
8-9-10 ਦਸੰਬਰ ਨੂੰ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦੇ ਚੱਕੇ ਮੁੜ ਹੋਣਗੇ ਜਾਮ
ਅਜੀਤ ਡੈਸਕ
24-11-2025