ਅੰਮਿ੍ਤਸਰ, 5 ਦਸੰਬਰ (ਰੇਸ਼ਮ ਸਿੰਘ)-ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਪੁੱਜੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦਾ ਪ੍ਰਬੰਧਕਾਂ ਵਲੋਂ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ ਤੇ ਡਾ. ਭੋਲਾ ਸਿੰਘ ਸਿੱਧੂ ਵਲੋਂ ਮੇਅਰ ਸ: ਭਾਟੀਆ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ | ਇਸ ਦੌਰੇ ਦੌਰਾਨ ਪ੍ਰਬੰਧਕਾਂ ਵਲੋਂ ਮੇਅਰ ਸ: ਭਾਟੀਆ ਨੂੰ ਹਸਪਤਾਲ ਦੇ ਬਾਹਰ ਵਧਦੀ ਟ੍ਰੈਫਿਕ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਤੇ ਦਸਿਆ ਕਿ ਮੁੱਖ ਸੜਕ 'ਤੇ ਟ੍ਰੈਫਿਕ ਜਾਮ ਮਰੀਜ਼ਾਂ ਅਤੇ ਜਨਤਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਹ ਸਮੱਸਿਆ ਦਾ ਤੁਰੰਤ ਨਿਪਟਾਰਾ ਹੋਣਾ ਚਾਹੀਦਾ ਹੈ | ਉਨ੍ਹਾਂ ਹਸਪਤਾਲ ਦੇ ਸਾਹਮਣੇ ਡਿਵਾਈਡਰ ਨੂੰ ਸੁੰਦਰ ਬਣਾਉਣ ਅਤੇ ਨਵੀਨੀਕਰਨ ਕਰਨ ਦੀ ਇਜਾਜ਼ਤ ਵੀ ਮੰਗੀ ਤਾਂ ਜੋ ਖੇਤਰ ਨੂੰ ਸਾਫ਼ ਤੇ ਪਹੁੰਚਯੋਗ ਬਣਾਇਆ ਜਾ ਸਕੇ | ਮੇਅਰ ਸ: ਭਾਟੀਆ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਦੇ ਨਿਪਟਾਰੇ ਲਈ ਯੋਗ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜਨਰਲ ਮੈਨੇਜਰ ਜਗਮੋਹਨ ਸਿੰਘ, ਪ੍ਰਸ਼ਾਸਕ ਅਨੂਪ ਮਹਿਰਾ, ਡਾ. ਜਸਵਿੰਦਰ ਸਿੰਘ, ਡਾ. ਜ਼ੋਰਾਵਰ ਸਿੰਘ ਤੇ ਕਾਰਪੋਰੇਟ ਮੈਨੇਜਰ ਜਗਮੋਹਨ ਮਲਹੋਤਰਾ ਇਸ ਮੌਕੇ ਮੌਜੂਦ ਸਨ |