ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ, ਅੰਮਿ੍ਤਸਰ ਵਿਖੇ ਐੱਚ. ਆਈ. ਵੀ.-ਏਡਜ਼ ਬਾਰੇ ਨੌਜਵਾਨਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਇਸ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ ਦੁਆਰਾ ਐੱਚ. ਆਈ. ਵੀ.-ਏਡਜ਼ ਸੰਬੰਧੀ ਜਾਗਰੂਕਤਾ ਦਾ ਪਾਸਾਰ ਕਰਨ ਲਈ ਰੰਗੋਲੀ ਮੁਕਾਬਲਾ, ਈ-ਕੁਇਜ਼ ਮੁਕਾਬਲਾ, ਰੈੱਡ ਰਿਬਨ ਗਠਨ ਅਤੇ ਜਾਗਰੂਕਤਾ ਰੈਲੀ ਵਰਗੀਆਂ ਗਤੀਵਿਧੀਆਂ ਦੀ ਲੜੀ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ 'ਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਆਪਣੇ ਸੰਬੋਧਨ ਦੌਰਾਨ ਪਿ੍ੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਵਿਸ਼ੇਸ਼ ਤੌਰ 'ਤੇ ਐੱਚ. ਆਈ. ਵੀ.-ਏਡਜ਼ ਬਾਰੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ, ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਐੱਚ. ਆਈ. ਵੀ.-ਏਡਜ਼ ਨਾਲ ਪੀੜਤ ਲੋਕਾਂ ਪ੍ਰਤੀ ਹਮਦਰਦੀ ਨੂੰ ਪ੍ਰਗਟ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਜਾਗਰੂਕ, ਜ਼ਿੰਮੇਵਾਰ ਨਾਗਰਿਕ ਅਤੇ ਸਸ਼ਕਤ ਬਣਾਉਣ 'ਚ ਵਿੱਦਿਅਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਇਸ ਸਮੱਸਿਆ ਤੋਂ ਪ੍ਰਭਾਵਿਤ ਵਿਅਕਤੀਆਂ ਦੁਆਰਾ ਦਰਪੇਸ਼ ਚੁਣੌਤੀਆਂ ਨਾਲ਼ ਨਜਿੱਠਣ ਅਤੇ ਇਸ ਪ੍ਰਤੀ ਸਮਝ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਇਸ ਮੌਕੇ ਡਾ: ਅਨੀਤਾ ਨਰਿੰਦਰ, ਡਾ: ਬੀਨੂ ਕਪੂਰ, ਮਿਸ ਅਕਸ਼ਿਕਾ ਅਨੇਜਾ, ਲੈਫ਼ਟੀਨੈਂਟ ਡਾ: ਅਮਨਦੀਪ ਕੌਰ ਅਤੇ ਅਸ਼ੋਕ ਮਲਹੋਤਰਾ ਮੌਜੂਦ ਰਹੇ |