ਅੰਮਿ੍ਤਸਰ, 19 ਦਸੰਬਰ (ਜਸਵੰਤ ਸਿੰਘ ਜੱਸ)- ਇਸ ਵਾਰ ਸਰਦੀਆਂ ਦੇ ਮੌਸਮ ਦੌਰਾਨ ਗੁਰੂ ਨਗਰੀ ਵਿਚ ਬੀਤੀ ਦੇਰ ਰਾਤ ਅਤੇ ਅੱਜ ਤੜਕਸਾਰ ਪਈ ਪਹਿਲੀ ਸੰਘਣੀ ਧੁੰਦ ਅਤੇ ਠੰਢ ਦੇ ਬਾਵਜੂਦ ਅੱਜ ਮੱਸਿਆ ਦਾ ਦਿਹਾੜਾ ਹੋਣ ਕਾਰਣ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜੇ | ਧੁੰਦ 'ਤੇ ਠੰਡ ਦੀ ਪ੍ਰਵਾਹ ਕੀਤੇ ਬਿਨਾਂ ਅੰਮਿ੍ਤ ਵੇਲੇ ਅਨੇਕਾਂ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤਾ ਤੇ ਠੰਡ ਅਤੇ ਧੁੰਦ 'ਤੇ ਸ਼ਰਧਾਲੂਆਂ ਦ ਆਸਥਾ ਭਾਰੂ ਦੇਖੀ ਗਈ | ਅੱਜ ਭਾਵੇਂ ਧੁੰਦ ਕਾਰਣ ਸ਼ਹਿਰ ਦੇ ਜਨਜੀਵਨ 'ਤੇ ਕਾਫੀ ਅਸਰ ਪਿਆ ਪਰ ਦਰਬਾਰ ਸਾਹਿਬ ਵਿਖੇ ਸ਼ਰਧਾਲੂ ਅੰਮਿ੍ਤ ਵੇਲੇ ਤੋਂ ਦੇਰ ਰਾਤ ਤੱਕ ਆਮ ਵਾਂਗ ਦਰਸ਼ਨ ਤੇ ਸ਼ਰਧਾ ਦਾ ਪ੍ਰਗਟਾਵਾ ਕਰਨ ਆਉਂਦੇ ਰਹੇ | ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਪਈ ਸੰਘਣੀ ਧੁੰਦ ਕਾਰਨ ਪਰਿਕਰਮਾ ਵਿਚੋਂ ਸ੍ਰੀ ਦਰਬਾਰ ਸਾਹਿਬ ਮੁਸ਼ਕਿਲ ਨਾਲ ਹੀ ਨਜ਼ਰ ਆ ਰਿਹਾ ਸੀ | ਸ਼ਰਧਾਲੂਆਂ ਨੇ ਇਨ੍ਹਾਂ ਅਲੌਕਿਕ ਤੇ ਰੂਹਾਨੀ ਪਲਾਂ ਨੂੰ ਆਪਣੇ ਮੋਬਾਈਲ ਫੋਨਾਂ ਦੇ ਕੈਮਰਿਆਂ ਵਿਚ ਵੀ ਕੈਦ ਕੀਤਾ |