ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਇਆ ਦੋ ਸਦੀਆਂ ਤੋਂ ਵੱਧ ਪੁਰਾਣਾ ਇਤਿਹਾਸਕ ਰਾਮ ਬਾਗ (ਕੰਪਨੀ ਬਾਗ ਨਾਂ ਨਾਲ ਮਸ਼ਹੂਰ) ਮੌਜੂਦਾ ਸਮੇਂ ਸੂਬਾ ਤੇ ਕੇਂਦਰ ਸਰਕਾਰ ਦੇ ਸੰਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨ ਦੀ ਨਜ਼ਰ-ਅੰਦਾਜ਼ੀ ਦੇ ਚਲਦਿਆਂ ਅਵਾਰਾ ਪਸ਼ੂਆਂ ਦੀ ਚਾਰਾਗਾਹ ਬਣ ਚੁੱਕਿਆ ਹੈ ਅਤੇ ਇਸ ਇਤਿਹਾਸਕ ਬਾਗ ਦੇ ਅੱਧ ਵਿਚਕਾਰ ਮਹਾਰਾਜਾ ਦੁਆਰਾ ਆਪਣੀ ਰਿਹਾਇਸ਼ ਲਈ ਸੰਨ 1819 'ਚ ਉਸਾਰਿਆ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦਾ ਮਹਿਲ) ਅਵਾਰਾ ਜਾਨਵਰਾਂ ਦੀ ਆਰਾਮਗਾਹ ਬਣਿਆ ਹੋਇਆ ਹੈ | ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਦੇ ਤਿੰਨ ਪਾਸੇ ਬਣੇ ਥੜਿ੍ਹਆਂ 'ਤੇ ਅਵਾਰਾ ਕੁੱਤਿਆਂ ਨੂੰ ਆਰਾਮ ਫ਼ਰਮਾਉਂਦੇ ਅਕਸਰ ਵੇਖਿਆ ਜਾ ਸਕਦਾ ਹੈ | ਜਿਸ ਨਾਲ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ | ਹਾਲਾਂਕਿ, ਵਿਭਾਗ ਨੇ ਇਸ ਬਦਨਾਮੀ ਤੋਂ ਬਚਣ ਲਈ ਇੱਥੇ ਫ਼ੋਟੋਗਰਾਫ਼ੀ ਨਾ ਕਰਨ ਦੀ 'ਚਿਤਾਵਨੀ' ਬਾਰੇ ਫਲੈਕਸ ਲਗਵਾ ਦਿੱਤੀਆਂ ਹਨ | ਸਿੱਖ ਰਾਜ ਵੇਲੇ ਪੰਜਾਬ ਦੇ ਸਭ ਬਾਗਾਂ ਤੋਂ ਖ਼ੂਬਸੂਰਤ ਤੇ ਆਲੀਸ਼ਾਨ ਰਹੇ ਇਤਿਹਾਸਕ ਰਾਮ ਬਾਗ ਦਾ ਵੱਡਾ ਹਿੱਸਾ ਇਸ ਵੇਲੇ ਉੱਚੀਆਂ ਸੰਘਣੀਆਂ ਜੰਗਲੀ ਝਾੜੀਆਂ 'ਚ ਘਿਰਿਆ ਹੋਇਆ ਹੈ | ਇਸ ਤੋਂ ਇਲਾਵਾ ਇਸ ਇਤਿਹਾਸਕ ਅਤੇ ਵਿਰਾਸਤੀ ਬਾਗ 'ਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਵੀ ਲੱਗੇ ਹੋਏ ਹਨ | ਇਸ ਦੇ ਅੰਦਰ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ, ਬਜ਼ੁਰਗਾਂ ਦੇ ਸਮਰ ਪੈਲੇਸ 'ਚ ਦਾਖ਼ਲੇ ਲਈ ਲਕੜੀ ਦੇ ਬਣਾਏ ਰੈਂਪ ਅਤੇ ਇੱਥੋਂ ਤਕ ਕਿ ਪੁਰਾਤਤਵ ਵਿਭਾਗ ਵਲੋਂ ਇਤਿਹਾਸਕ ਬਾਗ ਨੂੰ ਸੁਰੱਖਿਅਤ ਸਮਾਰਕ ਐਲਾਨੇ ਜਾਣ ਸੰਬੰਧੀ ਲਗਾਇਆ ਗਿਆ ਬੋਰਡ ਵੀ ਉਖਾੜ ਦਿੱਤਾ ਗਿਆ ਹੈ | ਜਿੱਥੇ ਸਮਰ ਪੈਲੇਸ ਦੀ ਮੁਨਸ਼ੀਖਾਨਾ ਡਿਉੜੀ ਸਮੇਤ ਹੋਰ ਇਤਿਹਾਸਕ ਡਿਉੜ੍ਹੀਆਂ, ਸੁਰੱਖਿਆ ਬੁਰਜੀਆਂ, ਬਾਰਾਂਦਰੀ ਦੀ ਹਾਲਤ ਸਮਾਰਕ ਦੀ ਨਵਉਸਾਰੀ ਅਤੇ ਸੁੰਦਰੀਕਰਨ 'ਤੇ ਕਰੋੜਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਬਦਤਰ ਬਣੀ ਹੋਈ ਹੈ, ਉੱਥੇ ਹੀ ਬਾਗ ਵਿਚਲੇ ਜਨਰਲ ਵੈਨਤੁਰਾ ਦੁਆਰਾ ਬਣਾਏ ਰਾਇਲ ਸਵਿਮਿੰਗ ਪੂਲ, ਵੀਰ ਚੱਕਰ ਵਿਜੇਤਾ ਸ਼ਹੀਦ ਮੇਜਰ ਲਲਿਤ ਮੋਹਨ ਭਾਟੀਆ ਦੇ ਬੁੱਤ ਵਾਲੇ ਥੜ੍ਹੇ ਆਦਿ ਦੀ ਹਾਲਤ ਵੀ ਰੱਖ-ਰਖਾਅ ਦੀ ਘਾਟ ਕਾਰਨ ਮੁੜ ਤੋਂ ਪਹਿਲਾਂ ਵਾਲੀ ਸਥਿਤੀ 'ਚ ਪਹੁੰਚ ਚੁੱਕੀ ਹੈ | ਜਿਸ ਕਾਰਨ ਇੱਥੇ ਬਹੁਤ ਘੱਟ ਸੈਲਾਨੀ ਅਤੇ ਸਥਾਨਕ ਨਾਗਰਿਕ ਪਹੁੰਚ ਰਹੇ ਹਨ | ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਡਾ: ਚਰਨਜੀਤ ਸਿੰਘ ਗੁੰਮਟਾਲਾ ਨੇ ਕੇਂਦਰੀ ਸਭਿਆਚਾਰਕ ਮੰਤਰਾਲੇ ਨੂੰ ਪੱਤਰ ਭੇਜ ਕੇ ਦੋਸ਼ ਲਗਾਇਆ ਕਿ ਸੰਬੰਧਿਤ ਸਰਕਾਰੀ ਵਿਭਾਗਾਂ ਵਲੋਂ ਰਾਮ ਬਾਗ ਦੇ ਨਾਨ-ਨਾਲ ਇਸ ਦੇ ਇਤਿਹਾਸਕ ਸਮਾਰਕਾਂ ਨੂੰ ਵੀ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਵਿਰਾਸਤੀ ਸਮਾਰਕ ਦੀ ਸੰਭਾਲ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ 'ਚ ਰਾਮ ਬਾਗ ਜੰਗਲ 'ਚ ਤਬਦੀਲ ਹੋ ਚੁੱਕਿਆ ਹੈ |
ਸ਼ੇਰ-ਏ-ਪੰਜਾਬ ਦਾ ਸ਼ਾਹੀ ਮਹਿਲ ਬਣਿਆ ਅਵਾਰਾ ਜਾਨਵਰਾਂ ਦੀ ਆਰਾਮਗਾਹ <br/>
ਇਤਿਹਾਸਕ ਬਾਗ 'ਚ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ | ਤਸਵੀਰ : ਹਰਜੀਤ ਸਿੰਘ<br/> ਰਾਇਲ ਸਵਿਮਿੰਗ ਪੂਲ ਦੇ ਬਾਹਰ ਦੀ ਹਾਲਤ ਬਿਆਨ ਕਰਦੀ ਤਸਵੀਰ | ਤਸਵੀਰ : ਹਰਜੀਤ ਸਿੰਘ<br/>
22-12-2025