ਰਾਜਾਸਾਂਸੀ, 21 ਦਸੰਬਰ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਨ ਜਿੱਥੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਅੰਮਿ੍ਤਸਰ ਹਵਾਈ ਅੱਡੇ 'ਤੇ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ | ਜਿਸ ਦੇ ਚਲਦਿਆਂ ਅੱਜ ਤਿੰਨ ਅੰਤਰਰਾਸ਼ਟਰੀ ਤੇ 10 ਘਰੇਲੂ ਉਡਾਣਾਂ ਰੱਦ ਹੋ ਗਈਆਂ | ਦੁਬਈ ਤੋਂ ਏਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਅੰਤਰਰਾਸ਼ਟਰੀ ਉਡਾਣ ਆਪਣੇ ਸਮੇਂ ਤੋਂ ਕਰੀਬ ਸਾਢੇ 3 ਘੰਟੇ ਦੇਰੀ ਨਾਲ ਪਹੁੰਚੀ | ਰਾਤ 1 ਵਜੇ ਦੁਬਈ ਤੋਂ ਇੱਥੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਅੰਤਰਰਾਸ਼ਟਰੀ ਉਡਾਨ ਨੰਬਰ ਏ.ਆਈ. 192 ਅਤੇ ਸ਼ਾਰਜਾਹ ਤੋਂ ਬਾਅਦ ਦੁਪਹਿਰ ਕਰੀਬ 3.15 ਵਜੇ ਇੱਥੇ ਪੁੱਜਣ ਵਾਲੀ ਅੰਤਰਰਾਸ਼ਟਰੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ-ਆਈ ਐਕਸ 138 ਵੀ ਰੱਦ ਹੋ ਗਈ ਅਤੇ ਰਾਤ ਸ਼ਾਰਜਾਹ ਤੋਂ 9 ਵਜੇ ਏਥੇ ਪੁੱਜਣ ਵਾਲੀ ਇੰਡੀਗੋ ਏਅਰ ਲਾਇਨ ਦੀ ਅੰਤਰਰਾਸ਼ਟਰੀ ਉਡਾਣ ਨੰਬਰ-6-ਈ 1428 ਵੀ ਰੱਦ ਕਰ ਦਿੱਤੀ ਗਈ | ਇਸ ਤੋਂ ਇਲਾਵਾ ਸਵੇਰੇ ਏਥੇ ਪੁੱਜਣ ਵਾਲੀਆਂ ਘਰੇਲੂ ਉਡਾਣਾਂ 'ਚ ਇੰਡੀਗੋ ਏਅਰ ਲਾਇਨ ਦੀ ਇੱਕ-ਪੂਨੇ, ਦੋ-ਦਿੱਲੀ, ਦੋ-ਸ੍ਰੀ ਨਗਰ ਦੀਆਂ ਉਡਾਣਾਂ ਰੱਦ ਹੋ ਗਈਆਂ | ਇਕ ਕੁੱਲੂ ਤੋਂ ਏਥੇ ਪੁੱਜਣ ਵਾਲੀ ਅਲਾਇੰਸ ਏਅਰ ਲਾਇਨ ਦੀ ਉਡਾਣ ਵੀ ਰੱਦ ਹੋ ਗਈ | ਮੁੰਬਈ ਤੋਂ ਰਾਤ 9.55 ਵਜੇ ਪੁੱਜਣ ਇੰਡੀਗੋ ਏਅਰ ਲਾਇਨ ਦੀ ਘਰੇਲੂ ਉਡਾਣ ਨੰਬਰ-6 ਈ 272 ਅਤੇ ਰਾਤ 10.35 ਵਜੇ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਨੰਬਰ-ਆਈ 479 ਵੀ ਰੱਦ ਕਰ ਦਿੱਤੀ ਗਈ | ਇਸ ਤੋਂ ਇਲਾਵਾ ਵੱਖ-ਵੱਖ ਦਿੱਲੀ ਤੇ ਮੁੰਬਈ, ਸਮੇਤ ਹੋਰ ਤੋਂ ਏਥੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਵੀ ਦੇਰੀ 'ਚ ਰਹੀਆਂ | ਇਨ੍ਹਾਂ ਉਡਾਨਾਂ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |