ਅੰਮਿ੍ਤਸਰ, 24 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਪੁੱਜੇ ਵਿਸ਼ਵ ਹਿੰਦੁੂ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਪ੍ਰਵੀਨ ਭਾਈ ਤੋਗੜੀਆ ਨੂੰ ਕਾਂਗਰਸ ਦੀ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਵਲੋਂ ਮੰਗ ਪੱਤਰ ਦਿੱਤਾ ਗਿਆ ਤੇ ਗਊਆਂ ਦੀ ਭਲਾਈ ਤੇ ਹੋਰ ਸਮਾਜਿਕ ਕੰਮਾਂ ਲਈ ਪਹਿਲਕਦਮੀ ਕਰਨ ਦੀ ਮੰਗ ਕੀਤੀ ਕਿ ਪੰਜਾਬ ਇੱਕ ਮਹੱਤਵਪੂਰਨ ਮੋੜ 'ਤੇ ਖੜ੍ਹਾ ਹੈ ਜਿੱਥੇ ਸ਼ਾਸਨ, ਹਮਦਰਦੀ ਅਤੇ ਜਨਤਕ ਸੁਰੱਖਿਆ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ | ਸੜਕਾਂ 'ਤੇ ਅਵਾਰਾ ਪਸ਼ੂਆਂ ਦਾ ਵਧਦਾ ਖ਼ਤਰਾ ਹੁਣ ਸਿਰਫ਼ ਜਾਨਵਰਾਂ ਦੀ ਭਲਾਈ ਦਾ ਮਾਮਲਾ ਨਹੀਂ ਰਿਹਾ, ਸਗੋਂ ਇਹ ਮਨੁੱਖੀ ਜਾਨਾਂ, ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਸ਼ਹਿਰੀ ਸੁਰੱਖਿਆ ਲਈ ਇਕ ਗੰਭੀਰ ਚਿੰਤਾ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨ ਦੇ ਵੱਡੇ ਹਿੱਸੇ ਜੋ ਅਸਲ ਵਿਚ ਪਸ਼ੂ ਭਲਾਈ ਅਤੇ ਗਊ ਆਸ਼ਰਮ ਲਈ ਨਿਰਧਾਰਤ ਕੀਤੇ ਗਏ ਸਨ, ਬਦਕਿਸਮਤੀ ਨਾਲ ਉਨ੍ਹਾਂ 'ਤੇ ਕਬਜ਼ਾ ਕਰ ਲਿਆ ਗਿਆ ਹੈ | ਇਸ ਨਾਲ ਸਿੱਧੇ ਤੌਰ 'ਤੇ ਹਾਈਵੇਅ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਅਕਸਰ ਹਾਦਸੇ ਹੁੰਦੇ ਹਨ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਗਊ ਸੈੱਸ ਇਕੱਠਾ ਕਰਨ ਅਤੇ ਵਰਤੋਂ ਦਾ ਪਾਰਦਰਸ਼ੀ ਲੇਖਾ-ਜੋਖਾ ਹੋਣਾ ਚਾਹੀਦਾ ਹੈ, ਰਾਜ ਭਰ ਵਿਚ ਗਊ ਆਸ਼ਰਮ ਅਤੇ ਪਸ਼ੂ ਆਸ਼ਰਮ ਨੂੰ ਮਜ਼ਬੂਤ ਕਰਨਾ ਚਾੀਦਾ ਹੈ ਅਤੇ ਸੜਕਾਂ 'ਤੇ ਜਾਨਵਰਾਂ ਨੂੰ ਛੱਡਣ ਵਾਲਿਆਂ ਲਈ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਆਪ ਸਰਕਾਰ ਨੂੰ ਕਟਿਹਰੇ 'ਚ ਖੜਾ ਕਰਦਿਆਂ ਕਿਹਾ ਕਿ ਰਾਜ ਨੂੰ ਇਕ ਅਜਿਹੀ ਸਰਕਾਰ ਦੀ ਲੋੜ ਹ,ੈ ਜੋ ਲੋਕਾਂ ਦੀਆਂ ਗੱਲਾਂ ਸੁਣੇ ਉਸ ਤੇ ਕੰਮ ਕਰੇ ਤੇ ਸੁਵਿਧਾਵਾਂ ਪ੍ਰਦਾਨ ਕਰੇ |