ਅੰਮਿ੍ਤਸਰ, 28 ਦਸੰਬਰ (ਹਰਮਿੰਦਰ ਸਿੰਘ)-ਉਪ-ਕੁਲਪਤੀ ਪ੍ਰੋ: ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ 'ਰੰਗਮੰਚ ਸੰਵਾਦ' ਰਚਾਇਆ ਗਿਆ, ਜਿਸ ਵਿਚ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਸੰਵਾਦ ਰਚਾਉਣ ਲਈ ਰੰਗੰਮਚ ਦੇ ਖੋਜਾਰਥੀ ਅਤੇ ਡਾਇਰੈਕਟਰ ਅਜ਼ਲ ਦੁਸਾਂਝ ਨੇ ਸ਼ਮੂਲੀਅਤ ਕੀਤੀ | ਇਸ ਸੰਵਾਦ ਵਿਚ ਮੁੱਖ ਮਹਿਮਾਨ ਵਜੋਂ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਚਾਹਲ ਅਤੇ ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਨਾਟਕਕਾਰ ਜਗਦੀਸ਼ ਸਚਦੇਵਾ ਨੇ ਸ਼ਿਰਕਤ ਕੀਤੀ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰੋ: ਮਨਜਿੰਦਰ ਸਿੰਘ, ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਏ ਮਹਿਮਾਨਾਂ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਰੰਗਮੰਚ ਆਪਣੇ-ਆਪ ਵਿਚ ਇਕ ਸੰਪੂਰਨ ਕਲਾ ਹੈ ਕਿਉਂਕਿ ਇਹ ਇੱਕੋਂ ਸਮੇਂ ਕਾਵਿ, ਸੰਗੀਤ, ਅਦਾਕਾਰੀ ਅਤੇ ਸਜ਼ਿੰਦ ਪੇਸ਼ਕਾਰੀ ਦਾ ਸੁਮੇਲ ਹੁੰਦੀ ਹੈ | ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਚਾਹਲ ਨੇ ਪੰਜਾਬੀ ਵਿਭਾਗ ਦੁਆਰਾ ਲਗਾਤਾਰ ਕਰਵਾਏ ਜਾਂਦੇ ਸੈਮੀਨਾਰਾਂ, ਕਾਨਫ਼ਰੰਸਾਂ ਅਤੇ ਰੂ-ਬ-ਰੂ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ | ਸੰਵਾਦ ਦੇ ਮੁੱਖ ਵਕਤਾ ਅਜ਼ਲ ਦੁਸਾਂਝ ਨੇ ਆਪਣੇ ਨਿੱਜੀ ਤਜ਼ਰਬਿਆਂ ਰਾਹੀਂ ਗੱਲ ਸਾਂਝੀ ਕਰਦਿਆਂ ਕਿਹਾ ਕਿ ਸੱਚਮੁੱਚ ਨਾਟਕ ਅਤੇ ਰੰਗਮੰਚ ਲੋਕ ਦਿਲਾਂ 'ਤੇ ਆਪਣੀ ਗਹਿਰੀ ਛਾਪ ਛੱਡਦਾ ਹੈ | ਉਨ੍ਹਾਂ ਵਲੋਂ ਆਪਣੇ ਅਧਿਐਨ ਅਤੇ ਖੋਜ ਬਾਬਤ ਰੰਗਮੰਚ ਨੂੰ ਹੀ ਕਿਉਂ ਚੁਣਿਆ? ਅਤੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਵਿਸ਼ਵ ਪੱਧਰ 'ਤੇ ਕਿੰਝ ਮਾਨਤਾ ਦਿੱਤੀ ਜਾਵੇ? ਆਦਿ ਨੁਕਤਿਆਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਦੱਸਿਆ ਕਿ ਨਾਟਕ ਅਤੇ ਰੰਗਮੰਚ ਨੂੰ ਕਿਸ ਪ੍ਰਕਾਰ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਚਰਚਾ ਦੀ ਲੜੀ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਜਿੱਥੇ ਪੰਜਾਬੀ ਰੰਗਮੰਚ ਦੀ ਇਤਿਹਾਸਕ ਪਰੰਪਰਾ ਰਾਹੀਂ ਆਪਣੇ ਨਿੱਜੀ ਅਨੁਭਵ ਨੂੰ ਸਾਂਝਾ ਕੀਤਾ, ਉੱਥੇ ਉਨ੍ਹਾਂ ਅਜ਼ਲ ਦੁਸਾਂਝ ਦੇ ਕੰਮ ਰਾਹੀਂ ਉਸਦੀ ਸ਼ਲਾਘਾ ਕਰਦਿਆਂ ਪੰਜਾਬੀ ਰੰਗਮੰਚ ਦੀ ਅਗਲੇਰੀ ਪੀੜ੍ਹੀ ਲਈ ਉਸਨੂੰ ਸ਼ੁਭ-ਸ਼ਗਨ ਕਿਹਾ | ਨਾਟਕਕਾਰ ਜਗਦੀਸ਼ ਸਚਦੇਵਾ ਨੇ ਅਜ਼ਲ ਦੁਸਾਂਝ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਉਨ੍ਹਾਂ ਨੇ ਉਸਨੂੰ ਭਵਿੱਖ ਵਿਚ ਵਾਪਸ ਭਾਰਤ ਪਰਤ ਕੇ ਇਸ ਖੇਤਰ ਵਿਚ ਹੋਰ ਨਿੱਠ ਕੇ ਕੰਮ ਕਰਨ ਬਾਬਤ ਵੀ ਪ੍ਰੇਰਿਆ | ਇਸ ਸਮਾਗਮ ਵਿਚ ਸ਼ਾਮਿਲ ਸਮੁੱਚੇ ਸਰੋਤਿਆਂ ਦਾ ਰਸਮੀ ਧੰਨਵਾਦ ਕਰਦਿਆਂ ਸਮਾਗਮ ਦੇ ਕੋ-ਕਨਵੀਨਰ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ: ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ | ਇਸ ਸਮਾਗਮ ਵਿਚ ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਪ੍ਰੋਫੈਸਰ ਡਾ: ਮੇਘਾ ਸਲਵਾਨ, ਪਿ੍ੰ: ਕੁਲਵੰਤ ਸਿੰਘ ਅਣਖੀ, ਡਾ: ਪਰਮਜੀਤ ਸਿੰਘ ਬਾਠ, ਐੱਸ. ਪਰਸ਼ੋਤਮ, ਲਖਬੀਰ ਸਿੰਘ ਨਿਜਾਮਪੁਰ, ਹੀਰਾ ਸਿੰਘ ਹੰਸਪਾਲ, ਪ੍ਰੋ: ਐੱਸ. ਪੀ. ਅਰੋੜਾ, ਜਸਵੰਤ ਸਿੰਘ ਗਿੱਲ, ਨਿਰਮਲ ਕੌਰ ਕੋਟਲਾ, ਨਵ ਭੁਲਰ, ਵਿਜੇਤਾ ਰਾਜ, ਸਤਿੰਦਰਜੀਤ ਕੌਰ, ਹਰਮੀਤ ਆਰਟਿਸਟ, ਸੁਰਿੰਦਰ ਖਿਲਚੀਆਂ, ਅੰਗਰੇਜ ਸਿੰਘ ਵਿਰਦੀ, ਸਤਨਾਮ ਮੂਧਲ, ਕੁਲਜੀਤ ਵੇਰਕਾ, ਜਗਦੀਸ਼ ਜੱਬਲ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ |