ਅੰਮਿ੍ਤਸਰ ਦੇ ਵਿਕਾਸ ਕਾਰਜਾਂ ਦੇ ਉਸਾਰੀ 'ਚ ਘਪਲੇਬਾਜ਼ੀ ਦੀ ਹਾਲੇ ਤੱਕ ਕੋਈ ਐੱਫ.ਆਈ.ਆਰ. ਨਹੀਂ
ਅਜੀਤ ਡੈਸਕ
30-12-2025
ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਵਿਕਾਸ ਕਾਰਜਾਂ ਦੀ ਉਸਾਰੀ ਕੰਮਾਂ 'ਚ ਘਪਲੇਬਾਜ਼ੀ ਦੀ ਚਰਚਾ ਭਾਵੇਂ ਜ਼ੋਰਾਂ 'ਤੇ ਹੈ ਅਤੇ ਇਸ ਮਾਮਲੇ 'ਚ ਐੱਸ.ਐੱਸ.ਪੀ. ਵਿਜੀਲੈਂਸ ਲਖਬੀਰ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੇ ਦੋ ਦਿਨਾਂ ਬਾਅਦ ਵੀ ਐੱਫ.ਆਈ.ਆਰ. ਸਾਹਮਣੇ ਨਹੀਂ ਆਈ, ਜਿਸ ਬਾਰੇ ਚਰਚਾ ਸੀ ਕਿ ਇਸ ਮਾਮਲੇ 'ਚ ਇਕ ਸਮਾਜ ਸੇਵਕ ਵੀ ਨਾਮਜ਼ਦ ਕਰ ਲਿਆ ਗਿਆ ਹੈ | ਦੂਜੇ ਪਾਸੇ ਸਮਾਜ ਸੇਵਕ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਹੁੰਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਸ਼ਾਮਿਲ ਨਹੀਂ ਹਨ ਤੇ ਇਸ ਮਾਮਲੇ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਰਣਜੀਤ ਐਵੀਨਿਊ ਸੀ ਬਲਾਕ ਦੀ 97 ਏਕੜ ਸਕੀਮ ਦੇ ਵਿਕਾਸ ਕਾਰਜਾਂ ਨਾਲ ਸੰਬੰਧਤ ਹੈ ਜਿਸ 'ਚ ਉਸਾਰੀ ਕਾਰਜਾਂ ਜਿਵੇਂ ਗਰੀਨ ਬੈਲਟ, ਸਟਰੀਟ ਲਾਈਟ, ਸੜਕਾਂ ਤੇ ਸੀਵਰੇਜ਼ ਆਦਿ ਦੇ ਕੰਮਾਂ ਦੇ ਟੈਂਡਰ ਸ਼ਾਮਿਲ ਹਨ ਤੇ ਇਹ ਟੈਂਡਰ ਭਰਨ ਤੇ ਖੋਲ੍ਹੇ ਜਾਣ 'ਚ ਕੋਈ ਗੜਬੜੀ ਹੋਈ ਹੈ | ਦੂਜੇ ਪਾਸੇ ਇਹ ਟੈਂਡਰ ਲੈਣ ਤੋਂ ਅਯੋਗ ਠਹਿਰਾਈ ਗਈ ਧਿਰ ਵਲੋਂ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਤੇ ਕਿਹਾ ਕਿ ਇਸ 'ਚ ਭਿ੍ਸ਼ਟਾਚਾਰ ਹੋਇਆ ਹੈ | ਡੀ.ਸੀ. ਦਲਵਿੰਦਰਜੀਤ ਸਿੰਘ ਵਲੋਂ ਇਸ ਦੀ ਏ.ਡੀ.ਸੀ.ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਸੀ, ਜਿਸ ਵਲੋਂ ਕਰਵਾਈ ਗਈ ਜਾਂਚ ਉਪਰੰਤ ਉਕਤ ਪੁਲਿਸ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ | ਜਦੋਂ ਕਿ ਇਸ ਤੋਂ ਬਾਅਦ ਦੀ ਕਾਰਵਾਈ ਬਾਰੇ ਸਰਕਾਰ ਦੀ ਧਾਰੀ ਗਈ ਚੁੱਪੀ ਹਾਲੇ ਸਮਝ ਤੋਂ ਬਾਹਰ ਹੈ |