ਤਰਨ ਤਾਰਨ, 1 ਜੂਨ (ਇਕਬਾਲ ਸਿੰਘ ਸੋਢੀ)-ਜਲ ਸੰਕਟ ਜਾਗਰੂਕਤਾ ਮੁਹਿੰਮ ਅਤੇ ਵਿਸ਼ਵ ਵਾਤਾਵਰਣ ਦਿਵਸ 2025 ਦੀਆ ਪ੍ਰੀ-ਗਤੀਵਿਧੀਆਂ ਦੌਰਾਨ ਪਿੰਡ ਕੋਟ ਜਸਪਤ ਬਲਾਕ ਜ਼ਿਲ੍ਹਾ ਤਰਨ ਤਾਰਨ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਮੌਕੇ ਸਰਪੰਚ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਨੂੰ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਤਹਿਤ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਘਰੇਲੂ ਪੱਧਰ 'ਤੇ ਵੱਖਰਾ ਕਰਨ ਦੇ ਨਾਲ-ਨਾਲ ਪਲਾਸਟਿਕ ਵੈਸਟ ਮੈਨੇਜਮੈਂਟ ਤਹਿਤ ਸਿੰਗਲ ਯੂਜ਼ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਕੇ ਜੂਟ ਬੈਗ ਦਾ ਇਸਤੇਮਾਲ ਕਰਨ, ਪਲਾਸਟਿਕ ਵੈਸਟ ਨੂੰ ਵੱਖਰੇ ਕਰਕੇ ਪਲਾਸਟਿਕ ਵੈਸਟ ਯੂਨਿਟ 'ਤੇ ਭੇਜਣ ਲਈ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ ਪਿੰਡ ਵਿਚ ਨਵੀਂ ਲੱਗਣ ਜਾ ਰਹੀ ਜਲ ਸਪਲਾਈ ਸਕੀਮ ਦੇ ਲਾਭ, ਪਾਣੀ ਦੀ ਸਾਂਭ ਸੰਭਾਲ ਅਤੇ ਜਲ ਸਪਲਾਈ ਸਕੀਮ ਤੋਂ 24 ਘੰਟੇ ਨਿਰਵਿਘਨ ਜਲ ਸਪਲਾਈ ਰਾਹੀਂ ਸਾਫ਼ ਅਤੇ ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਲਾਭ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਰੇਨ ਵਾਟਰ ਹਾਰਵੇਸਟਿੰਗ ਦਾ ਨਿਰਮਾਣ ਅਤੇ ਸਹੀ ਵਰਤੋਂ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਸਰਪੰਚ, ਗੁਰਵੇਲ ਸਿੰਘ ਸੈਕਟਰੀ, ਹਰਚਰਨ ਸਿੰਘ, ਭੁਪਿੰਦਰ ਸਿੰਘ, ਸਰਦਾਰਾ ਸਿੰਘ, ਗੁਲਜ਼ਾਰ ਸਿੰਘ, ਹਰਚੰਦ ਸਿੰਘ, ਜਗਦੇਵ ਸਿੰਘ, ਕਸ਼ਮੀਰ ਸਿੰਘ, ਸਲਵਿੰਦਰ ਸਿੰਘ ਮੈਂਬਰ, ਹੀਰਾ ਸਿੰਘ ਪ੍ਰਧਾਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਜਗਦੀਪ ਸਿੰਘ ਆਈ.ਈ.ਸੀ. ਜ਼ਿਲ੍ਹਾ ਕੋਆਰਡੀਨੇਟਰ, ਪਵਨ ਕੁਮਾਰ ਜੂਨੀਅਰ ਇੰਜੀਨੀਅਰ ਹਾਜ਼ਰ ਸਨ |