ਖਡੂਰ ਸਾਹਿਬ, 2 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਪੀੜਤ ਸੁੱਚਾ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਦਾਰਾਪੁਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੰਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੱਸਿਆ ਕਿ 21 ਜੂਨ 2025 ਨੂੰ ਸਰਕਾਰੀ ਗਲੀ ਵਿਚ ਲੰਘਣ ਨੂੰ ਲੈ ਕੇ ਬਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ, ਲਵਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਰਾਪੁਰ ਵੈਰੋਵਾਲ ਨੇ ਮੇਰੇ ਅਤੇ ਮੇਰੇ ਲੜਕੇ ਬਲਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਮਾਰੀਆਂ ਸਨ | ਜਿਸ ਸਬੰਧੀ ਸਾਡੇ ਵਲੋਂ ਪੁਲਿਸ ਥਾਣਾ ਵੈਰੋਵਾਲ ਵਿਖੇ ਦਰਖਾਸਤ ਦਿੱਤੀ ਗਈ | ਪਰ ਪੁਲਿਸ ਵਲੋਂ ਸੁਣਵਾਈ ਨਾ ਕਰਨ ਤੇ ਅਸੀਂ ਹਾਈਕੋਰਟ ਰਾਹੀਂ ਰਿੱਟ ਦਾਖਲ ਕਰਕੇ ਉਕਤ ਵਿਅਕਤੀਆਂ 'ਤੇ ਪਰਚਾ ਦਰਜ ਕਰਵਾਇਆ ਹੈ | ਪਰ ਪੁਲਿਸ ਥਾਣਾ ਵੈਰੋਵਾਲ ਪਰਚੇ ਵਿਚ ਨਾਮਜ਼ਦ ਵਿਅਕਤੀਆਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ ਜੋ ਸ਼ਰੇਆਮ ਪਿੰਡ ਵਿਚ ਘੁੰਮ ਰਹੇ ਹਨ ਅਤੇ ਸਾਨੂੰ ਉਨ੍ਹਾਂ ਤੋਂ ਜਾਨ ਮਾਲ ਦਾ ਖ਼ਤਰਾ ਬਣਿਆ ਹੋਇਆ ਹੈ | ਪੀੜਤ ਨੇ ਦੱਸਿਆ ਕਿ ਅਸੀਂ 8 ਜੁਲਾਈ ਨੂੰ ਐੱਸ.ਐੱਸ.ਪੀ. ਨੂੰ ਪੱਤਰ ਨੰਬਰ 634-ਡੀ.ਪੀ.ਓ ਅਤੇ ਫਿਰ 4 ਅਗਸਤ ਨੂੰ ਐੱਸ.ਐੱਸ.ਪੀ. ਦੇ ਰੀਡਰ ਨੂੰ ਉਕਤ ਵਿਅਕਤੀਆਂ ਦੀ ਗਿ੍ਫਤਾਰੀ ਨਾ ਕਰਨ ਸਬੰਧੀ ਮਿਲੇ | ਜਿਥੇ ਐੱਸ.ਐੱਚ.ਓ. ਪੁਲਿਸ ਥਾਣਾ ਵੈਰੋਵਾਲ ਨੇ ਭਰੋਸਾ ਦਿਵਾਇਆ ਕਿ ਮੈਂ ਜਲਦੀ ਗਿ੍ਫ਼ਤਾਰ ਕਰ ਲਵਾਂਗਾ | ਪਰ ਫਿਰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆਂ ਵਲੋਂ ਕੋਈ ਜਾਨੀ ਮਾਲੀ ਨੁਕਸਾਨ ਕੀਤਾ ਗਿਆ ਤਾਂ ਜ਼ਿੁੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਉਨ੍ਹਾਂ ਐੱਸ.ਐੱਸ.ਪੀ. ਤਰਨ ਤਾਰਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ | ਇਸ ਸਬੰਧੀ ਪੁਲਿਸ ਥਾਣਾ ਵੈਰੋਵਾਲ ਦੇ ਮੁਖੀ ਨਰੇਸ਼ ਕੁਮਾਰ ਨੇ ਕਿਹਾ ਕਿ ਇਕ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਵਾਂ ਨੂੰ ਗਿ੍ਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ |