ਤਰਨ ਤਾਰਨ, 2 ਸਤੰਬਰ (ਹਰਿੰਦਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਧਾਨ ਸਭਾ ਹਲਕਾ-21 ਤਰਨ ਤਾਰਨ ਦੀ ਉਪ ਚੋਣ ਦੇ ਸਬੰਧ ਵਿਚ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਉਪਰੰਤ ਮੀਟਿੰਗ ਕੀਤੀ ਗਈ | ਇਸ ਉਪਰੰਤ ਉਹਨਾਂ ਮੁੱਢਲੀ ਪ੍ਰਕਾਸ਼ਨਾ ਸਬੰਧੀ ਇਤਰਾਜ ਜਾਂ ਦਾਅਵੇ ਪੇਸ਼ ਕਰਨ ਲਈ ਸਮਾਂ ਸਾਰਣੀ ਸਬੰਧੀ ਜਾਣਕਾਰੀ ਸਾਂਝੀ ਕੀਤੀ | ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅੱਜ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਿਤੀ 17 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਾਖਲ ਕੀਤੇ ਜਾ ਸਕਣਗੇ ਅਤੇ ਜਿੰਨਾ ਦਾ ਨਿਪਟਾਰਾ 25 ਸਤੰਬਰ 2025 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਪ੍ਰਕਾਸ਼ਨਾ ਮਿਤੀ 30 ਸਤੰਬਰ ਨੂੰ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿਸ ਨਾਗਰਿਕ ਦੀ ਉਮਰ 1 ਜੁਲਾਈ 2025 ਤੋਂ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਸ ਦਾ ਨਾਮ ਕਿਸੇ ਵੀ ਵਿਧਾਨ ਸਬਾ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਦਰਜ ਨਹੀਂ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਬਿਨੈ ਪੱਤਰ ਫਾਰਮ-06 ਵਿਚ ਪੁਰ ਉਕਤ ਸਮਾਂ ਸਾਰਣੀ ਅਨੁਸਾਰ ਜਮ੍ਹਾਂ ਕਰਵਾ ਸਕਦਾ ਹੈ | ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ ਜਿਸ ਨਾਗਰਿਕ ਦੀ ਉਮਰ ਮਿਤੀ 1 ਜੁਲਾਈ ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਹ ਕਿਸੇ ਕਾਰਨ ਭਾਰਤ ਤੋਂ ਬਾਹਰ ਕਿਸੇ ਦੂਜੇ ਦੇਸ਼ ਵਿਚ ਰਹਿੰਦਾ ਹੈ, ਉਸਦਾ ਨਾਮ ਕਿਸੇ ਵਿਧਾਨ ਸਭਾ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਦਰਜ ਨਹੀਂ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਬਿਨੈ ਪੱਤਰ ਫਾਰਮ 06 ਏ ਪੁਰ ਕਰਕੇ ਉਕਤ ਸਮਾਂ ਸਾਰਣੀ ਅਨੁਸਾਰ ਜਮ੍ਹਾਂ ਕਰਵਾ ਸਕਦਾ ਹੈ | ਉਨ੍ਹਾ ਕਿਹਾ ਕਿ ਮੁੱਢਲੀ ਵੋਟਰ ਸੂਚੀ ਦੇ ਕਿਸੇ ਭਾਗ ਵਿਚ ਕਿਸੇ ਵਿਅਕਤੀ ਦੇ ਨਾਮ ਨੂੰ ਸ਼ਾਮਿਲ ਕਰਨ ਤੇ ਇਤਰਾਜ਼ ਹੈ, ਤਾਂ ਆਪਣਾ ਇਤਰਾਜ਼ ਫਾਰਮ 07 ਵਿਚ ਪੁਰ ਕਰਕੇ ਜਮਾਂ ਕਰਵਾਇਆ ਜਾ ਸਕਦਾ ਹੈ | ਜੇਕਰ ਕਿਸੇ ਵੋਟਰ ਦੇ ਇੰਦਰਾਜ ਜਾਂ ਫੋਟੋ, ਮੁੱਢਲੀ ਵੋਟਰ ਸੂਚੀ ਵਿੱਚ ਗਲਤ ਦਰਜ ਹੈ, ਤਾਂ ਉਹ ਆਪਣੇ ਇੰਦਰਾਜ ਵੋਟਰ ਸੂਚੀ ਵਿਚ ਠੀਕ ਕਰਵਾਉਣ ਲਈ ਫਾਰਮ 08 ਵਿਚ ਪੁਰ ਕਰਕੇ ਜਮ੍ਹਾ ਕਰਵਾ ਸਕਦਾ ਹੈ | ਉਨ੍ਹਾ ਕਿਹਾ ਕਿ ਉਕਤ ਦਾਅਵੇ ਅਤੇ ਇਤਰਾਜ ਵੈਬਸਾਇਟ 'ਤੇ ਲਾਗਿਨ ਕਰਕੇ ਵੋਟਰ ਹੈਲਪਲਾਈਨ ਐਪ ਜਾਂ ਔਨਲਾਈਨ ਪੋਰਟਲ 'ਤੇ ਵੀ ਇਤਰਾਜ਼ ਜਾਹਿਰ ਕੀਤੇ ਜਾ ਸਕਦੇ ਹਨ | ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਨੂੰ ਬੇਨਤੀ ਹੈ, ਕਿ ਪਾਰਟੀ ਵਰਕਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਵੇ ਅਤੇ ਆਨਲਾਈਨ ਵਿਧੀ ਨੂੰ ਤਰਜੀਹ ਦਿੱਤੀ ਜਾਵੇ | ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ ਉਕਤ ਸਮਾਂ ਸਾਰਣੀ ਅਨੁਸਾਰ ਇਹ ਦਾਅਵੇ ਅਤੇ ਇਤਰਾਜ ਬੀ.ਐਲ.ਓ., ਈ.ਆਰ.ਓ., ਏ.ਆਰ.ਈ. ਓ.-1, ਏ.ਆਰ.ਈ.ਓ.-2 ਜਾਂ ਜ਼ਿਲ੍ਹਾ ਦਫਤਰ ਅਤੇ 1950 'ਤੇ ਕਾਲ ਕਰਕੇ ਮਿਤੀ 2 ਸੰਤਬਰ ਤੋਂ ਮਿਤੀ 17 ਸਤੰਬਰ ਤੱਕ ਜਮਾਂ ਕਰਵਾ ਸਕਦੇ ਹਨ |