ਗੋਇੰਦਵਾਲ ਸਾਹਿਬ, 2 ਸਤੰਬਰ (ਸਕੱਤਰ ਸਿੰਘ ਅਟਵਾਲ)-ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਸਲਾਨਾ ਜੋੜ ਮੇਲਾ ਜੱਗ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ 6, 7 ਸਤੰਬਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਖਡੂਰ ਸਾਹਿਬ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਮੌਕੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਰਸੀਵਰ ਪਰਮਜੀਤ ਸਿੰਘ ਮੁੰਡਾਪਿੰਡ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਤੀਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਦਾ 451ਵਾਂ ਸਲਾਨਾ ਜੋੜ ਮੇਲਾ ਜੱਗ 6, 7 ਸਤੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਉਸ ਦੀਆਂ ਤਿਆਰੀਆਂ ਮੁਕੰਮਲ ਜ਼ੋਰਾਂ 'ਤੇ ਚੱਲ ਰਹੀਆ ਹਨ | ਮੇਲੇ ਵਿਚ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਹੋਇਆਂ ਲੰਗਰ, ਰਿਹਾਇਸ਼, ਪਾਰਕਿੰਗ, ਮੈਡੀਕਲ ਸੇਵਾਵਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤਾਂ ਜੋ ਪਹੁੰਚ ਰਹੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ਤਾਬਦੀ ਸਮਾਗਮਾਂ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ, ਜਿਸ ਕਾਰਨ ਇਸ ਵਾਰ ਵੀ ਸੰਗਤਾਂ ਵੱਧ ਗਿਣਤੀ ਵਿਚ ਦਰਸ਼ਨ ਕਰਨ ਲਈ ਆਉਣਗੀਆਂ | ਗੁਰਦੁਆਰਾ ਕੰਪਲੈਕਸ ਵਿਚ ਰੰਗ ਦੀ ਸੇਵਾ ਵੀ ਮੁਕੰਮਲ ਕੀਤੀ ਜਾ ਚੁੱਕੀ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਸੁਖਵਿੰਦਰ ਸਿੰਘ ਧਾਲੀਵਾਲ, ਮੈਂਬਰ ਹਰਦੀਪ ਸਿੰਘ ਖੱਖ, ਸਰਵਨ ਸਿੰਘ ਸੱਮਾ ਲਹੋਰੀਆ, ਸਰਬਜੀਤ ਸਿੰਘ ਗ੍ਰੰਥੀ, ਮੀਤ ਮੈਨੇਜ਼ਰ ਦਵਿੰਦਰ ਸਿੰਘ ਆਦਿ ਹਾਜ਼ਰ ਸਨ |