ਹਰੀਕੇ ਪੱਤਣ, 2 ਸਤੰਬਰ (ਸੰਜੀਵ ਕੁੰਦਰਾ)-ਪੰਜਾਬ ਸਰਕਾਰ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਵਰੁਣ ਰੂਜ਼ਮ ਅਤੇ ਬਸੰਤ ਗਰਗ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਹਰੀਕੇ ਹੈੱਡਵਰਕਸ ਤੋਂ ਨਿਵਾਣ ਵਾਲੇ ਪਾਸੇ ਦਰਿਆ ਸਤਲੁਜ 'ਤੇ ਬਣੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਐੱਸ.ਐੱਸ.ਪੀ. ਦੀਪਕ ਪਾਰੀਕ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਸਮੂਹ ਅਧਿਕਾਰੀਆਂ ਵਲੋਂ ਕਸਬਾ ਹਰੀਕੇ ਨੇੜੇ੍ਹ ਪਿੰਡ ਕਿੜੀਆਂ ਵਿਖੇ ਪਹੁੰਚ ਕੇ ਦਰਿਆ ਬਿਆਸ ਦੇ ਪਾਣੀ ਦੀ ਮਾਰ ਕਾਰਨ ਜ਼ਮੀਨ ਨੂੰ ਲੱਗੀ ਢਾਹ ਦਾ ਵੀ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅੁਨਸਾਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਉਪਰੰਤ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ | ਇਸ ਦੌਰਾਨ ਵਰੁਣ ਰੂਜ਼ਮ ਅਤੇ ਬਸੰਤ ਗਰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਕਿਸੇ ਦੀ ਹੰਗਾਮੀ ਸਥਿਤੀ ਨਾਲ ਨਿਪਟਣ ਲੋੜੀਂਦੇ ਪ੍ਰਬੰਧ ਪਹਿਲਾ ਮੁਕੰਮਲ ਕੀਤੇ ਜਾਣ ਅਤੇ ਧੁੱਸੀ ਬੰਨ੍ਹ 'ਤੇ ਸੰਵੇਦਨਸ਼ੀਲ ਸਥਾਨਾਂ ਨੂਘ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਅਣ-ਸੁਖਾਵੇਂ ਹਾਲਾਤਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਤੇ ਲੋੜੀਂਦੀਆਂ ਜ਼ਰੂਰੀ ਵਸਤੂਆਂ ਸਮੇਂ ਸਿਰ ਪਹੁਚਾਉਣ ਲਈ ਪਹਿਲਾ ਤੋਂ ਤਿਆਰੀ ਰੱਖੀ ਜਾਵੇ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਲਗਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਬੰਨ੍ਹ 'ਤੇ ਨਾਜ਼ੁਕ ਸਥਾਨਾਂ ਦੀ ਪਛਾਣ ਕਰਕੇ ਮਜ਼ਬੂਤ ਕਰਨ ਦਾ ਕੰਮ ਪਿੰਡਾਂ ਦੇ ਲੋਕਾਂ ਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ |