ਹਰੀਕੇ ਪੱਤਣ, 4 ਸਤੰਬਰ (ਸੰਜੀਵ ਕੁੰਦਰਾ)-ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਿਛਲੇ 1 ਮਹੀਨੇ ਤੋਂ ਪਾਣੀ ਦਾ ਵਧਿਆ ਹੋਇਆ ਹੈ ਤੇ ਅੱਜ ਹਰੀਕੇ ਹਥਾੜ ਖੇਤਰ ਇਲਾਕੇ ਦੇ ਲੋਕਾਂ ਲਈ ਬਹੁਤ ਦਿਨਾਂ ਬਾਅਦ ਉਸ ਵੇਲੇ ਰਾਹਤ ਭਰੀ ਖ਼ਬਰ ਆਈ, ਜਦੋਂ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ | ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਤੇ ਸ਼ਾਮ 6 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟ ਕੇ 3 ਲੱਖ 16 ਹਜ਼ਾਰ 531 ਕਿਊਸਿਕ ਰਹਿ ਗਿਆ, ਜਦ ਕਿ ਬੀਤੇ ਕੱਲ੍ਹ ਤੋਂ ਇਹ ਪਾਣੀ 3 ਲੱਖ 46 ਹਜ਼ਾਰ ਕਿਊਸਿਕ ਤੋਂ ਵੱਧ ਚੱਲ ਰਿਹਾ ਸੀ | ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 2 ਲੱਖ 99 ਹਜ਼ਾਰ 607 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜਦ ਕਿ ਬੀਤੇ ਕੱਲ੍ਹ ਤੋਂ 3 ਲੱਖ 29 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਸੀ | ਜਿਸ ਤਰ੍ਹਾਂ ਅੱਜ ਮੌਸਮ ਸਾਫ਼ ਹੋਇਆ ਹੈ ਇਸ ਤੋਂ ਲੱਗਦਾ ਹੈ ਕਿ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਹੋਰ ਘਟੇਗਾ, ਜਿਸ ਨਾਲ ਮੁਸੀਬਤਾਂ ਨਾਲ ਜੂਝ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ |