ਪੱਟੀ, 25 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਕਿਰਨ ਸ਼ਰਮਾ ਦੇ ਦੂਰਅੰਦੇਸ਼ੀ ਦਿ੍ਸ਼ਟੀਕੋਣ ਤੇ ਡਾਇਟ ਪਿ੍ੰਸੀਪਲ ਦੀ ਯੋਗ ਅਗਵਾਈ ਹੇਠ ਡਾਇਟ ਕੈਰੋਂ (ਡਿਸਟਿ੍ਕਟ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ) ਵਿਖੇ ਪੀ.ਐਮ.ਸਕੂਲਾਂ ਦੇ ਗਣਿਤ ਅਧਿਆਪਕਾਂ ਲਈ ਆਯੋਜਿਤ ਤਿੰਨ-ਰੋਜ਼ਾ ਵੈਦਿਕ ਗਣਿਤ ਸੈਮੀਨਾਰ ਸਫਲਤਾ ਪੂਰਵਕ ਸਮਾਪਤ ਹੋਇਆ | ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਗਣਿਤ ਦੀਆਂ ਜਟਿਲ ਸਮੱਸਿਆਵਾਂ ਨੂੰ ਸਰਲ ਤੇ ਤੇਜ਼ੀ ਨਾਲ ਹੱਲ ਕਰਨ ਦੀਆਂ ਪ੍ਰਾਚੀਨ ਭਾਰਤੀ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ | ਉਨ੍ਹਾਂ ਕਿਹਾ ਕਿ ਸੈਮੀਨਾਰ ਵਿਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਰੀਸੋਰਸ ਪਰਸਨ ਬਿਕਰਮਜੀਤ ਸਿੰਘ, ਸੁੱਚਾ ਸਿੰਘ, ਕਮਲਜੀਤ ਸਿੰਘ ਨੇ ਅਧਿਆਪਕਾਂ ਨੂੰ ਵੈਦਿਕ ਗਣਿਤ ਦੇ ਸੂਤਰਾਂ ਜਿਵੇਂ ਕਿ ਨਿਖਿਲਮ, ਊਰਧਵ ਤਿਰੀਅਗਭਿਆਮ ਤੇ ਏਕਾਧਿਕੇਨ ਪੂਰਵੇਨ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ਗੁਣਾ, ਭਾਗ, ਵਰਗਮੂਲ ਤੇ ਹੋਰ ਗਣਿਤਿਕ ਕਿਰਿਆਵਾਂ ਨੂੰ ਬਹੁਤ ਘੱਟ ਸਮੇਂ ਵਿਚ ਕੀਤਾ ਜਾ ਸਕਦਾ ਹੈ | ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ | ਵੈਦਿਕ ਗਣਿਤ ਸਿਰਫ਼ ਗਣਨਾ ਦੀ ਗਤੀ ਹੀ ਨਹੀਂ ਵਧਾਉਂਦਾ, ਸਗੋਂ ਇਹ ਵਿਦਿਆਰਥੀਆਂ ਦੀ ਤਰਕ ਸ਼ਕਤੀ (ਲੌਜੀਕਲ ਥਿੰਕਿੰਗ) ਅਤੇ ਗਣਿਤ ਪ੍ਰਤੀ ਰੁਚੀ ਨੂੰ ਵੀ ਵਧਾਉਂਦਾ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਪਰਮਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਅਧਿਆਪਕ ਇਨ੍ਹਾਂ ਤਕਨੀਕਾਂ ਨੂੰ ਕਲਾਸਰੂਮ ਵਿਚ ਲਾਗੂ ਕਰਦੇ ਹਨ, ਤਾਂ ਵਿਦਿਆਰਥੀਆਂ ਦਾ ਗਣਿਤ ਦਾ ਡਰ ਦੂਰ ਹੋ ਜਾਵੇਗਾ ਅਤੇ ਉਹ ਇਸ ਵਿਸ਼ੇ ਨੂੰ ਹੋਰ ਵੀ ਆਸਾਨੀ ਨਾਲ ਸਮਝ ਸਕਣਗੇ | ਇਸ ਮੌਕੇ 'ਤੇ ਡਾਇਟ ਪਿ੍ੰਸੀਪਲ ਮੰਗਤ ਸਿੰਘ ਨੇ ਸਾਰੇ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ |