ਤਰਨ ਤਾਰਨ, 26 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਲੋਂ ਮੰਦਰ ਵਿਚੋਂ ਮੂਰਤੀਆਂ ਅਤੇ ਗੋਲਕ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਵੈਰੋਂਵਾਲ ਵਿਖੇ ਵਿਜੇ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਮੀਆਂਵਿੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਾਡੇ ਪਰਿਵਾਰ ਦੀ ਆਪਣੀ ਜੱਦੀ ਜਾਇਦਾਦ ਦੀ ਜਗ੍ਹਾ ਵਿਚ ਸ਼੍ਰੀ ਕਿ੍ਸ਼ਨ ਭਗਵਾਨ ਜੀ ਦਾ ਪੁਰਾਤਨ ਮੰਦਰ ਬਣਿਆ ਹੋਇਆ ਹੈ, ਜਿੱਥੇ ਅਸੀਂ ਸਾਰਾ ਪਰਿਵਾਰ ਪੂਜਾ ਕਰਦੇ ਹਾਂ ਅਤੇ ਮੰਦਰ ਵਿਚ ਮੂਰਤੀਆਂ ਲੱਗੀਆਂ ਹੋਈਆਂ ਹਨ | 24 ਸਤੰਬਰ ਨੂੰ ਰਾਤ 10 ਵਜੇ ਮੈਂ ਅਤੇ ਮੇਰੀ ਲੜਕੀ ਵਲੋੋਂ ਪੂਜਾ ਸਮਾਪਤ ਕਰਕੇ ਮੰਦਰ ਦੇ ਦਰਵਾਜੇ ਨੂੰ ਤਾਲਾ ਲਗਾ ਕੇ ਆਪਣੇ ਘਰ ਚਲੇ ਗਏ ਤੇ ਅਗਲੇ ਦਿਨ ਸਵੇਰੇ 5 ਵਜੇ ਜਦ ਮੈਂ ਮੰਦਰ ਪੁੱਜਾ ਤਾਂ ਦੇਖਿਆ ਕਿ ਮੰਦਰ ਦੇ ਦਰਵਾਜੇ ਦਾ ਕੁੰਡਾਂ ਵੱਢਿਆ ਹੋਇਆ ਸੀ ਅਤੇ ਮੰਦਰ ਵਿਚ ਪਿਆ ਗੱਲਾ ਟੁੱਟਾ ਪਿਆ ਸੀ | ਜਦ ਮੈਂ ਚੈਕ ਕੀਤਾ ਤਾਂ ਮੰਦਰ ਵਿਚੋਂ ਕੁਝ ਮੂਰਤੀਆਂ ਜਿੰਨ੍ਹਾਂ ਵਿਚ ਦੋ ਤਿੰਨ ਮੂਰਤੀਆਂ ਪਿੱਤਲ ਦੀਆਂ ਜੋ ਛੋਟੇ ਸਾਇਜ਼ ਦੀਆਂ ਸਨ, ਮੰਦਰ ਵਿਚੋੋਂ ਗਾਇਬ ਸਨ ਅਤੇ ਗੱਲੇ ਵਿਚੋਂ ਕਰੀਬ 7000 ਰੁਪਏ ਗਾਇਬ ਸਨ, ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |