ਤਰਨ ਤਾਰਨ, 26 ਸਤੰਬਰ (ਹਰਿੰਦਰ ਸਿੰਘ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਹੜ੍ਹ ਪੀੜਤ ਲੋਕਾਂ ਵਲੋਂ ਡੀ.ਸੀ. ਦਫਤਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਹੜ੍ਹਾਂ ਨਾਲ ਸਬੰਧਤ ਮਸਲਿਆਂ, ਮੰਗਾਂ ਦਾ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਲਈ ਪ੍ਰਧਾਨ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ | ਵਫਦ ਦੀ ਅਗਵਾਈ ਪਾਰਟੀ ਦੇ ਜ਼ਿਲ੍ਹ ਸਕੱਤਰ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਜ਼ਿਲ੍ਹਾ ਖਜਾਨਚੀ ਬਲਦੇਵ ਸਿੰਘ ਪੰਡੋਰੀ, ਸੂਬਾ ਕਮੇਟੀ ਮੈਂਬਰ ਮਾ. ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਧਰਮ ਸਿੰਘ ਪੱਟੀ ਆਦਿ ਆਗੂਆਂ ਨੇ ਕੀਤੀ | ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਵਿਤਕਰੇ ਭਰੀ ਨੀਤੀ ਅਤੇ ਪੰਜਾਬ ਸਰਕਾਰ ਦੀ ਹੜ੍ਹਾਂ ਦੀ ਰੋਕਥਾਮ ਵਿਚ ਨਕਾਮੀ ਪੰਜਾਬ ਦੇ ਲੋਕਾਂ ਦੀ ਤਬਾਹੀ ਦਾ ਕਾਰਨ ਬਣੇ ਹਨ | ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰੇ ਅਤੇ ਦੋਖੀ ਨੀਤੀ ਕਾਰਨ ਮਾਮੂਲੀ ਫੰਡ ਜਾਰੀ ਕਰਕੇ ਲੋਕਾਂ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ | ਮੁਖਤਾਰ ਸਿੰਘ ਮੱਲ੍ਹਾ, ਚਮਨ ਲਾਲ ਦਰਾਜਕੇ ਅਤੇ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਕੇੇਂਦਰ ਸਰਕਾਰ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਘੱਟੋ ਘੱਟ 40 ਹਜ਼ਾਰ ਕਰੋੜ ਰੁਪਏ ਦੀ ਰਕਮ ਜਾਰੀ ਕਰੇ, ਹੜ੍ਹ ਪੀੜਤ ਪਿੰਡਾਂ ਦੇ ਸਮੂਹ ਲੋਕਾਂ ਲਈ ਪ੍ਰਤੀ ਪਰਿਵਾਰ ਇਕ ਲੱਖ ਰੁਪਏ ਜਾਰੀ ਕਰੇ ਅਤੇ ਮਜ਼ਦੂਰ ਪਰਿਵਾਰਾਂ ਨਾਲ ਵਿਤਕਰਾ ਬੰਦ ਕੀਤਾ ਜਾਵੇ | ਹੜ੍ਹਾਂ ਨਾਲ ਹੋਈਆਂ ਮੌਤਾਂ ਲਈ ਪੀੜਤ ਪਰਿਵਾਰਾਂ ਨੂੰ 25 ਲੱਖ ਰੁਪਏ ਸਹਾਇਤਾ ਦਿੱਤੀ ਜਾਵੇ, ਬਰਬਾਦ ਹੋਈਆਂ ਫਸਲਾਂ ਲਈ 70 ਹਜਾਰ ਰੁਪਏ ਅਤੇ ਗੰਨੇ ਦੀ ਫਸਲ ਲਈ ਇਕ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਮੱਝ, ਗਾਂ ਲਈ ਇਕ ਲੱਖ ਰੁਪਏ ਅਤੇ ਭੇਡ, ਬੱਕਰੀ, ਪੋਲਟਰੀ, ਫਿਸਰੀ ਦੇ ਹੋਏ ਨੁਕਸਾਨ ਲਈ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ, ਦਰਿਆਵਾਂ ਵਿਚੋੋਂ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਜੋ ਹੜ੍ਹਾਂ ਵੇਲੇ ਤਬਾਹੀ ਦਾ ਕਾਰਣ ਬਣਦੀ ਹੈ ਤੇ ਰੋਕ ਲਾਈ ਜਾਵੇ, ਕਿਸਾਨਾਂ ਨੂੰ ਖੇਤਾਂ ਵਿੱਚੋ ਰੇਤਾ, ਮਿੱਟੀ, ਭਲ ਚੁੱਕਣ ਦੀ ਇਜਾਜਤ ਦਿੱਤੀ ਜਾਵੇ ਅਬਾਦਕਾਰ, ਕਾਸ਼ਤਤਕਾਰ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ, ਦਰਿਆਵਾਂ ਨੂੰ ਚੈਨਲ ਲਾਈਜ ਕਰਕੇ ਹੜ੍ਹਾਂ ਦੀ ਪੱਕੀ ਰੋਕਥਾਮ ਕੀਤੀ ਜਾਵੇ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਚੂਸਲੇਵੜ, ਰੇਸ਼ਮ ਸਿੰਘ ਫੇਲੋਕੇ, ਜਗੀਰ ਸਿੰਘ ਗੰਡੀਵਿੰਡ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਨਰਿੰਦਰ ਸਿੰਘ ਰਟੋਲ, ਜਰਨੈਲ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾ ਪਿੰਡ, ਹਰਜਿੰਦਰ ਸਿੰਘ ਚੂੰਘ ਆਦਿ ਆਗੂਆਂ ਸੰਬੋਧਨ ਕੀਤਾ |