ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਨੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਠੋਸ ਕੂੜਾ ਪ੍ਰਬੰਧਨ ਲਈ ਵਰਮੀ ਕੰਪੋਸਟਿੰਗ ਸੰਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ | ਇਸ ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਅਤੇ ਖੋਜਾਰਥੀਆਂ 'ਚ ਵਾਤਾਵਰਣ ਅਨੁਕੂਲ ਕੂੜਾ ਪ੍ਰਬੰਧਨ ਅਭਿਆਸਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹੁਨਰ-ਆਧਾਰਿਤ ਸਿਖਲਾਈ ਨੂੰ ਉਤਸ਼ਾਹਿਤ ਕਰਨਾ ਸੀ | ਵਿਭਾਗ ਦੀ ਮੁਖੀ ਡਾ. ਰਜਿੰਦਰ ਕੌਰ ਨੇ ਮੁੱਖ ਮਹਿਮਾਨ ਪ੍ਰੋ. ਵੰਦਨਾ ਭੱਲਾ, ਡਾਇਰੈਕਟਰ ਰਿਸਰਚ, ਡਾ. ਰਜਨ ਭੱਟ, ਕਿ੍ਸ਼ੀ ਵਿਗਿਆਨ ਕੇਂਦਰ, ਪੀ.ਏ.ਯੂ. ਅਤੇ ਡਾ. ਜਸਵਿੰਦਰ ਸਿੰਘ ਭਾਟੀਆ, ਖੇਤੀਬਾੜੀ ਜਾਣਕਾਰੀ ਅਧਿਕਾਰੀ, ਫਾਰਮਰ ਟ੍ਰੇਨਿੰਗ ਸੈਂਟਰ, ਖਾਲਸਾ ਕਾਲਜ, ਅੰਮਿ੍ਤਸਰ ਤੇ ਸਮੂਹ ਭਾਗੀਦਾਰਾਂ ਦਾ ਸਵਾਗਤ ਕੀਤਾ | ਪ੍ਰੋ. ਭੱਲਾ ਨੇ ਭਾਗੀਦਾਰਾਂ ਨੂੰ ਵਰਮੀਕੰਪੋਸਟਿੰਗ ਦੀ ਹੱਥੀ ਸਿਖਲਾਈ 'ਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਠੋਸ ਕੂੜਾ ਪ੍ਰਬੰਧਨ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ | ਡਾ. ਰਜਨ ਭੱਟ ਨੇ ਵਰਮੀਕੰਪੋਸਟਿੰਗ ਦੀ ਵਰਤੋਂ ਮਿੱਟੀ ਦੀ ਸੁਧਾਰ ਅਤੇ ਖੇਤੀਬਾੜੀ ਲਈ ਕਿਵੇਂ ਲਾਭਦਾਇਕ ਹੈ, ਬਾਰੇ ਵਿਸਥਾਰ ਨਾਲ ਦੱਸਿਆ | ਡਾ. ਜਸਵਿੰਦਰ ਸਿੰਘ ਭਾਟੀਆ ਨੇ ਵਰਮੀਕੰਪੋਸਟਿੰਗ ਦੌਰਾਨ ਕੀੜਿਆਂ ਦੀ ਸੰਭਾਲ ਲਈ ਵਿਗਿਆਨਕ ਤਰੀਕਿਆਂ 'ਤੇ ਚਾਨਣਾ ਪਾਇਆ | ਵਿਭਾਗ ਦੇ ਖੋਜਾਰਥੀ ਅਜੇ ਨੇ ਘਰੇਲੂ ਹਾਲਤਾਂ 'ਚ ਕੰਪੋਸਟ ਤਿਆਰ ਕਰਨ ਦੀਆਂ ਵਿਹਾਰਕ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ | ਡਾ. ਮਯੰਕ ਧਰ ਦਿਵੇਦੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਵਰਕਸ਼ਾਪ 'ਚ ਪ੍ਰੋ. ਸਤਵਿੰਦਰਜੀਤ ਕੌਰ, ਪ੍ਰੋ. ਐਮ. ਐਸ. ਭੱਟੀ, ਪ੍ਰੋ. ਜਤਿੰਦਰ ਕੌਰ, ਡਾ. ਕਿ੍ਤਿਕਾ ਪੰਡਿਤ, ਡਾ. ਕਿਰਨਦੀਪ ਧਾਮੀ, ਡਾ. ਮਹਿਕ ਤਨੇਜਾ, ਵਿਦਿਆਰਥੀ ਅਤੇ ਖੋਜਾਰਥੀ ਸ਼ਾਮਲ ਹੋਏ |