ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀਆਂ ਸਰਕਾਰੀ ਟਰਾਂਸਪੋਰਟ ਸੇਵਾਵਾਂ ਦੇ ਬਹੁਤ ਹੀ ਚਲਾਕੀ ਅਤੇ ਯੋਜਨਾਬੱਧ ਤਰੀਕੇ ਨਾਲ ਨਿੱਜੀਕਰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਅਤੇ ਪਨਬੱਸ ਕਰਮਚਾਰੀ ਯੂਨੀਅਨ ਦੇ ਕਰਮਚਾਰੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ | ਇੱਥੇ ਤਰਨ ਤਾਰਨ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਵਾਲੀਆਂ ਟਰਾਂਸਪੋਰਟ ਯੂਨੀਅਨਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਨੂੰ ਸ਼ਾਮਿਲ ਕਰਕੇ ਸਰਕਾਰੀ ਟਰਾਂਸਪੋਰਟ ਸੇਵਾਵਾਂ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿਚ ਟਰਾਂਸਪੋਰਟ ਸੇਵਾਵਾਂ ਦੇ ਅੰਤਿਮ ਨਿੱਜੀਕਰਨ ਨੂੰ ਸ਼ੁਰੂ ਕਰਨ ਲਈ ਇਕ ਚਲਾਕੀ ਭਰਿਆ ਕਦਮ ਹੈ | ਇਸ ਮੌਕੇ ਯੂਨੀਅਨ ਮੈਂਬਰਾਂ ਨੇ ਵੜਿੰਗ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਕਿਸ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਵਜੋਂ ਉਨ੍ਹਾਂ ਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਸਰਕਾਰੀ ਟ੍ਰਾਂਸਪੋਰਟ ਦੇ ਬਚਾਅ ਨੂੰ ਯਕੀਨੀ ਬਣਾਇਆ ਸੀ | ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ 'ਆਪ' ਵਲੋਂ ਸਰਕਾਰੀ ਟਰਾਂਸਪੋਰਟ ਦੀਆਂ ਸੇਵਾਵਾਂ ਨੂੰ ਪ੍ਰਾਈਵੇਟ ਖਿਡਾਰੀਆਂ ਨੂੰ ਵੇਚਣ ਦੇ ਇਰਾਦੇ ਤੋਂ ਹੈਰਾਨ ਨਹੀਂ ਹਨ, ਕਿਉਂਕਿ 'ਆਪ' ਵਲੋਂ ਭਾਜਪਾ ਦੇ ਨਕਸ਼ੇ ਕਦਮਾਂ ਉੱਪਰ ਚਲਿਆ ਜਾ ਰਿਹਾ ਹੈ, ਜਿਸਨੇ ਪਹਿਲਾਂ ਹੀ ਦੇਸ਼ ਦੇ ਜ਼ਿਆਦਾਤਰ ਪੀ.ਐਸ.ਯੂ. ਨੂੰ ਆਪਣੇ ਕੁਝ ਪਸੰਦੀਦਾ ਲੋਕਾਂ ਨੂੰ ਵੇਚ ਦਿੱਤਾ ਹੈ |