ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਲਈ ਲੜ ਰਹੀ ਹੈ | ਉਨ੍ਹਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਪੰਜਾਬ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਿਚ ਕੀਤੇ ਭਿ੍ਸ਼ਟਾਚਾਰ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ | ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਕਈ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ.ਕੇ. ਸਿਨਹਾ ਦਾਇਸ ਕਰ ਕੇ ਤਬਾਦਲਾ ਕਰ ਦਿੱਤਾ ਗਿਆ | ਉਨ੍ਹਾਂ ਨੇ 2000 ਮੈਗਾਵਾਟ ਬਿਜਲੀ ਖਰੀਦ ਸਮਝੌਤੇ ਦੇ ਸੰਬੰਧ ਵਿਚ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਨਾਜਾਇਜ਼ ਹੁਕਮਾਂ ਨੂੰ ਮੰਨਣ ਤੋਂ ਨਾਂਹ ਕੀਤੀ ਤੇ ਆਖਿਆ ਕਿ ਸੰਜੀਵ ਅਰੋੜਾ ਆਪਣੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ 'ਤੇ ਭਿ੍ਸ਼ਟਾਚਾਰ ਵਿਚ ਡੁੱਬੇ ਹਨ | ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਪੀ.ਐਸ.ਪੀ.ਸੀ.ਐਲ. ਦੀ ਮਲਕੀਅਤ ਵਾਲੀ ਮੁੱਖ ਜ਼ਮੀਨ ਵੇਚਣ ਲਈ ਮਜਬੂਰ ਕਰ ਰਹੇ ਹਨ ਅਤੇ ਟੈਂਡਰਾਂ ਦੀ ਵੰਡ ਨੂੰ ਪ੍ਰਭਾਵਤ ਕਰ ਰਹੇ ਹਨ ਅਤੇ ਚਾਰਜਸ਼ੀਟ ਕੀਤੇ ਭਿ੍ਸ਼ਟ ਅਧਿਕਾਰੀਆਂ ਨੂੰ ਪ੍ਰਮੁੱਖ ਅਹੁਦਿਆਂ 'ਤੇ ਤਾਇਨਾਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸਭ ਦਿੱਲੀ ਵਿਚ ਆਲਾ ਕਮਾਨ ਨੂੰ ਪੈਸੇ ਭੇਜਣ ਵਾਸਤੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿਰਫ ਨਿਰਪੱਖ ਜਾਂਚ ਨਾਲ ਹੀ ਭਿ੍ਸ਼ਟਾਚਾਰ ਉਜਾਗਰ ਹੋ ਸਕਦਾ ਹੈ ਤੇ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ | ਬਾਦਲ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਆਪਣੇ ਚੁਣੇ ਅਧਿਕਾਰੀਆਂ ਦੀ ਵਰਤੋਂ ਕਰ ਕੇ ਅਕਾਲੀ ਵਰਕਰਾਂ 'ਤੇ ਝੂਠੇ ਮਾਮਲੇ ਦਰਜ ਕਰ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਪਾਰਟੀ ਵਲੋਂ ਦਿੱਤੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਹਲਕੇ ਤੋਂ ਦੋ ਡੀ.ਐਸ.ਪੀ. ਅਤੇ ਇਕ ਐਸ.ਐਚ.ਓ. ਬਦਲ ਦਿੱਤਾ ਹੈ | ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਸੁਖਬੀਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਤੇ ਐਸ.ਐਚ.ਓ. ਗੁਰਦੀਪ ਸਿੰਘ ਸਮੇਤ ਤਿੰਨੋਂ ਅਧਿਕਾਰੀ 'ਆਪ' ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਚੇਹੇਤੇ ਸਨ | ਉਨ੍ਹਾਂ ਤਿੰਨਾਂ ਅਧਿਕਾਰੀਆਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਇਨ੍ਹਾਂ ਸਕੀਮਾਂ ਦਾ ਵਿਸਥਾਰ ਕੀਤਾ ਜਾਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ | ਇਸ ਮੌਕੇ ਕੰਚਨਪ੍ਰੀਤ ਕੌਰ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਲੰਗਾਹ, ਬਲਦੇਵ ਖਹਿਰਾ, ਗੌਰਵ ਵਲਟੋਹਾ, ਜਗਰੂਪ ਸਿੰਘ ਸ਼ਾਹਪੁਰ, ਨਰੇਂਦਰ ਬਾੜਾ, ਪਰਮਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਰਾਣਾ ਵੀ ਹਾਜ਼ਰ ਸਨ |