ਝਬਾਲ, 2 ਨਵੰਬਰ (ਸੁਖਦੇਵ ਸਿੰਘ)ਪਿੰਡ ਕਸੇਲ ਹਵੇਲੀਆਂ ਵਿਖੇ ਭੁਪਿੰਦਰ ਸਿੰਘ ਦੇ ਗ੍ਰਹਿ ਵਿਖੇ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ ਵਿਚ ਜੋਨ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਅਤੇ ਚਰਨਜੀਤ ਸਿੰਘ ਗਾਲਿਬ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪਿੰਡ ਦੀਆਂ ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਮਾਤਾ ਬੀਬੀ ਬਲਵਿੰਦਰ ਕੌਰ, ਵੱਡੇ ਭਰਾਤਾ ਭਾਈ ਹਰਪ੍ਰੀਤ ਸਿੰਘ, ਪ੍ਰੋ. ਸਤਨਾਮ ਕੌਰ, ਬੀਬੀ ਮਨਜੀਤ ਕੌਰ, ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਪਲਵਿੰਦਰ ਸਿੰਘ, ਭਾਈ ਜਗਜੀਤ ਸਿੰਘ ਰਾਮੂਵਾਲ, ਬਾਬਾ ਕੁਲਵਿੰਦਰ ਸਿੰਘ ਫ਼ਤਾਹਪੁਰ, ਭਾਈ ਦਇਆ ਸਿੰਘ, ਭਾਈ ਭੁਪਿੰਦਰ ਸਿੰਘ ਪਟਿਆਲਾ, ਭਾਈ ਅਮਰਜੀਤ ਸਿੰਘ ਸੋਨੂੰ ਪੰਡੋਰੀ, ਭਾਈ ਸੁਖਚੈਨ ਸਿੰਘ ਜੱਲੂਪੁਰ, ਭਾਈ ਸੁਖਬੀਰ ਸਿੰਘ ਚੀਮਾ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਰਣਜੀਤ ਸਿੰਘ ਬਰਸਟ, ਭਾਈ ਕੰਵਲਜੀਤ ਸਿੰਘ ਕਸੇਲ, ਭਾਈ ਗੁਰਦੀਪ ਸਿੰਘ ਮੁਰਾਦਪੁਰ, ਭਾਈ ਚਰਨਜੀਤ ਸਿੰਘ ਗਾਲਿਬ, ਬੀਬੀ ਕੁਲਵਿੰਦਰ ਕੌਰ, ਰਾਜ ਕੌਰ, ਬਾਵਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ | ਇਸ ਮੌਕੇ ਮਾਤਾ ਬਲਵਿੰਦਰ ਕੌਰ ਨੇ ਸੰਗਤ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰਾਂ ਤੇ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਹਮੇਸ਼ਾਂ ਧੋਖਾ ਕੀਤਾ ਹੈ, ਜਿਨ੍ਹਾਂ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਆਦਰਸ਼ਾਂ ਨੂੰ ਭੁੱਲ ਕੇ ਆਪਣੀਆਂ ਰਾਜਨੀਤਿਕ ਸਹੂਲਤਾਂ ਲਈ ਪੰਥਕ ਮੁੱਦਿਆਂ ਨੂੰ ਹਾਸ਼ੀਏ 'ਤੇ ਲਿਆ ਖੜਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਸੜਾਇਆ ਜਾ ਰਿਹਾ ਹੈ | ਪੰਥਕ ਆਗੂਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਹਰ ਆਵਾਜ਼ ਨੂੰ ਚੁੱਪ ਕਰਵਾਉਣ ਦੀ ਸਾਜਿਸ਼ ਹੋ ਰਹੀ ਹੈ | ਮਾਤਾ ਬਲਵਿੰਦਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ ਹੀ ਇਸ ਤਰ੍ਹਾਂ ਦੀਆਂ ਪੰਥ ਵਿਰੋਧੀ ਤਾਕਤਾਂ ਦਾ ਸੱਚਾ ਜਵਾਬ ਹੈ | ਹਰ ਸਿੱਖ ਘਰ ਦੀ ਜਿੰਮੇਵਾਰੀ ਹੈ ਕਿ ਉਹ ਭਾਈ ਮਨਦੀਪ ਸਿੰਘ ਖ਼ਾਲਸਾ ਵਰਗੇ ਪੰਥਕ ਨੌਜਵਾਨਾਂ ਦੇ ਹੱਕ ਵਿਚ ਖੜ੍ਹੇ ਹੋਣ ਜੋ ਸੱਚ, ਨਿਆਂ ਅਤੇ ਗੁਰੂ ਸਿੱਧਾਂਤਾਂ ਦੀ ਲੜਾਈ ਲੜ ਰਹੇ ਹਨ |