ਨੌਸ਼ਹਿਰਾ ਪੰਨੂੰਆਂ, 3 ਨਵੰਬਰ (ਦੀਪਕ ਮੈਣੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਢੋਟੀਆਂ 'ਚ ਰੂਹਾਨੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ 40 ਸਹਿਜ ਪਾਠ ਦੇ ਭੋਗ ਨਾਲ ਕੀਤੀ ਗਈ, ਜਿਸ ਵਿਚ ਸੰਗਤ ਨੇ ਬੇਅੰਤ ਸ਼ਰਧਾ ਨਾਲ ਹਾਜ਼ਰੀ ਭਰੀ ਤੇ ਗੁਰਬਾਣੀ ਦਾ ਆਨੰਦ ਮਾਣਿਆ | ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਕਵਿਤਾਵਾਂ ਅਤੇ ਕਵੀਸ਼ਰੀ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸ਼ਾਂਤੀ, ਪ੍ਰੇਮ, ਨਿਮਰਤਾ ਅਤੇ ਸੇਵਾ ਦਾ ਸੰਦੇਸ਼ ਪ੍ਰਸਾਰਿਤ ਕੀਤਾ ਗਿਆ | ਸੰਗਤ ਲਈ ਸਭ ਤੋਂ ਖਾਸ ਪੇਸ਼ਕਸ਼ ਵਿਦਿਆਰਥੀਆਂ ਵਲੋਂ ਕੀਤਾ ਗਿਆ ਗਤਕਾ ਪ੍ਰਦਰਸ਼ਨ ਰਿਹਾ, ਜਿਸ ਨੇ ਸਿੱਖ ਮਰਯਾਦਾ ਅਤੇ ਸਰਬਲੋਹ ਬੀਰਤਾ ਦੀ ਰਵਾਇਤ ਨੂੰ ਜੀਵੰਤ ਕੀਤਾ | ਇਸ ਦੌਰਾਨ ਅਕਾਲ ਅਕੈਡਮੀ ਦੇ ਪਿ੍ੰਸੀਪਲ ਰਮਨਦੀਪ ਕੌਰ ਵਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚਾਨਣ ਪਾਉਂਦਿਆਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਦੱਸੇ ਰਸਤੇ-ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਤੁਰਨ ਲਈ ਪ੍ਰੇਰਿਤ ਕੀਤਾ |