ਤਰਨ ਤਾਰਨ, 21 ਨਵੰਬਰ (ਹਰਿੰਦਰ ਸਿੰਘ)- ਅਕਸਰ ਸੁਰਖੀਆਂ ਵਿਚ ਬਣੀ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ | ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਵਿਚੋਂ 12 ਮੋਬਾਈਲ ਫੋਨ ਸਮੇਤ ਹੋਰ ਸਮਾਨ ਬਰਾਮਦ ਹੋਇਆ ਹੈ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ 2 ਹਵਾਲਾਤੀਆਂ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 15 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਵਿਚੋਂ ਵੱਖ-ਵੱਖ ਥਾਵਾਂ ਤੋਂ 7 ਟੱਚ ਮੋਬਾਈਲ ਫੋਨ, 2 ਕੀਪੈਡ ਫੋਨ, 9 ਸਿੰਮਾਂ, 2 ਚਾਰਜਰ, 1 ਡਾਟਾ ਕੇਬਲ, 1 ਹੈਡਫੋਨ ਲਵਾਰਿਸ ਹਾਲਤ ਵਿਚ ਮਿਲੇ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਲਿਖਤੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਕਿ 10 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਅਜੇ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਦੀ ਚੈਕਿੰਗ ਕਰਨ 'ਤੇ ਉਸ ਪਾਸੋਂ 1 ਟੱਚ ਮੋਬਾਈਲ ਫੋਨ ਸਮੇਤ ਸਿੰਮ ਬਰਾਮਦ ਹੋਇਆ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 13 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਅਕਾਸ਼ਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਗੁਮਟਾਲਾ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 2 ਕੀਪੈਡ ਫੋਨ ਸਮੇਤ ਸਿੰਮ ਬਰਾਮਦ ਹੋਏ ਹਨ | ਥਾਣਾ ਗੋਇੰਦਵਾਲ ਪੁਲਿਸ ਵਲੋਂ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲੇ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਨ੍ਹਾਂ ਪਾਸ ਮੋਬਾਈਲ ਫੋਨ ਕਿਸ ਤਰ੍ਹਾਂ ਪਹੁੰਚੇ |